Ferozepur News

ਨਿਰਧਾਰਤ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਉਣ ਕਰਕੇ ਸਾਂਝ ਕੇਂਦਰ ਲੋਕਾਂ ਲਈ ਵਰਦਾਨ ਬਣੇ 1 ਜਨਵਰੀ 2018 ਤੋਂ 31 ਮਈ 2018 ਤੱਕ 23613 ਤੋਂ ਵਧੇਰੇ ਲੋਕਾਂ ਨੂੰ ਨਿਰਧਾਰਤ ਸਮੇਂ &#39ਚ ਸੇਵਾਵਾਂ ਪ੍ਰਦਾਨ ਲੋਕ ਵੱਧ ਤੋਂ ਵੱਧ ਸਾਂਝ ਕੇਂਦਰਾਂ ਦਾ ਲਾਭ ਉਠਾਉਣ- ਐਸ.ਐਸ.ਪੀ

ਫ਼ਿਰੋਜ਼ਪੁਰ 7 ਜੂਨ 2018  ( Manish Bawa) ਜ਼ਿਲ੍ਹੇ 'ਚ ਕਾਰਜਸ਼ੀਲ ਸਾਂਝ ਕੇਂਦਰ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮਾਂ ਹੱਦ ਅੰਦਰ ਸੇਵਾਵਾਂ ਉਪਲਬਧ ਕਰਵਾ ਰਹੇ ਹਨ।  ਜ਼ਿਲ੍ਹੇ ਅੰਦਰ ਸਾਂਝ ਕੇਂਦਰਾਂ ਨੇ ਇਸ ਸਾਲ 1 ਜਨਵਰੀ ਤੋਂ 31 ਮਈ 2018 ਤੱਕ 23613  ਲੋਕਾਂ ਨੂੰ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
    ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਪ੍ਰੀਤਮ ਸਿੰਘ  ਨੇ ਦੱਸਿਆ ਕਿ ਸਾਂਝ ਪ੍ਰਾਜੈਕਟ ਜ਼ਰੀਏ ਜ਼ਿਲ੍ਹਾ ਪੁਲਿਸ ਆਮ ਲੋਕਾਂ ਨਾਲ ਸਾਂਝ ਅਤੇ ਤਾਲ-ਮੇਲ ਵਧਾਉਣ 'ਚ ਸਫਲ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਦਫ਼ਤਰ ਐਸ.ਐਸ.ਪੀ (ਸੀ.ਪੀ.ਆਰ.ਸੀ), ਸਬ ਡਵੀਜਨ ਪੱਧਰ 'ਤੇ ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ (ਦਿਹਾਤੀ), ਜ਼ੀਰਾ ਅਤੇ ਗੁਰੂਹਰਸਹਾਏ ਵਿਖੇ ਸਥਾਪਤ ਸਾਂਝ ਕੇਂਦਰ ਅਤੇ ਲਗਭਗ ਇੱਕ ਦਰਜਨ ਪੁਲਿਸ ਥਾਣਿਆਂ ਵਿਚ ਖੋਲ੍ਹੇ ਗਏ ਆਊਟ-ਰੀਚ ਸੈਂਟਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।    
        ਸ੍ਰ. ਪ੍ਰੀਤਮ ਸਿੰਘ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ 43 ਸੇਵਾਵਾਂ ਅਤੇ ਕੁੱਝ ਹੋਰ ਲੋੜੀਂਦੀਆਂ ਸੇਵਾਵਾਂ ਇੱਕ ਛੱਤ ਅਤੇ ਇੱਕ ਖਿੜਕੀ 'ਤੇ ਸੁਖਾਵੇਂ ਮਾਹੌਲ 'ਚ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿਤੀ 1-1-2018 ਤੋਂ 31 ਮਈ 2018 ਤੱਕ 23613 ਲੋਕਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ 'ਚ ਵਿਦੇਸ਼ੀਆਂ ਦੇ ਆਉਣ ਤੇ ਜਾਣ ਸਮੇਂ ਦੀ ਰਜਿਸਟਰੇਸ਼ਨ 06, ਵਿਦੇਸ਼ੀਆਂ ਦੀ ਠਹਿਰ 'ਚ ਵਾਧਾ 03, ਐਫ.ਆਈ.ਆਰ ਤੇ ਡੀ.ਡੀ.ਆਰ ਦੀਆਂ 6119 ਨਕਲਾਂ ਪ੍ਰਦਾਨ ਕਰਨਾ ਪ੍ਰਮੁੱਖ ਰੂਪ ਵਿਚ ਸ਼ਾਮਿਲ ਹਨ।  ਇਸ ਤੋਂ ਇਲਾਵਾ ਪਾਸਪੋਰਟ ਪੜਤਾਲਾਂ 11613, ਕਿਰਾਏਦਾਰਾਂ, ਸਥਾਨਕ ਤੇ ਬਾਹਰਲੇ ਰਾਜਾਂ ਜਾਂ ਜ਼ਿਲ੍ਹੇ ਦੀਆਂ ਪੜਤਾਲਾਂ ਸਮੇਤ ਆਮ ਚਾਲ-ਚਲਣ ਤਸਦੀਕ ਅਤੇ ਗੱਡੀਆਂ ਦੇ ਇਤਰਾਜ਼-ਹੀਣਤਾ ਸਰਟੀਫਿਕੇਟ 3546, ਅਸਲਾ ਲਾਇਸੰਸ ਨਵਿਆਉਣ ਲਈ 1556, ਪੈਟਰੋਲ ਪੰਪ ਅਤੇ ਸਿਨੇਮਾ ਹਾਲ ਆਦਿ ਦੀ ਸਥਾਪਨਾ ਲਈ 01, ਨਵੇਂ ਅਸਲਾ ਲਾਇਸੰਸ ਦੀ ਤਸਦੀਕ ਲਈ 1171 ਅਤੇ  ਵਿਦੇਸ਼ਾਂ 'ਚ ਪਾਸਪੋਰਟ ਗੁੰਮਸ਼ੁਦਗੀ (ਐਮ.ਆਰ.ਜੀ) ਸਬੰਧੀ 02 ਪੜਤਾਲਾਂ ਕੀਤੀਆਂ ਗਈਆਂ ਹਨ।
        ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਪੁਲਿਸ ਦੇ ਵਰਤਾਓ ਵਿਚ ਸੁਧਾਰ ਲਿਆਉਣਾ ਵੀ ਇਸ ਪ੍ਰਾਜੈਕਟ 'ਚ ਸ਼ਾਮਿਲ ਹੈ ਅਤੇ ਆਮ ਲੋਕਾਂ ਵੱਲੋਂ ਬੇਝਿਜਕ ਹੋ ਕੇ ਆਪਣੀਆਂ ਦੁੱਖ ਤਕਲੀਫ਼ਾਂ ਦੱਸਣ ਲਈ ਇਨ੍ਹਾਂ ਸਾਂਝ ਕੇਂਦਰਾਂ ਤੇ ਆਊਟ ਰੀਚ ਸੈਂਟਰਾਂ 'ਚ ਪੁਲਿਸ ਕਰਮਚਾਰੀ ਵੱਖਰੀ ਸਿਵਲ ਡਰੈੱਸ 'ਚ ਤਾਇਨਾਤ ਹਨ। ਇਨ੍ਹਾਂ ਸੈਂਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁੱਧੀਜੀਵੀ ਵਿਅਕਤੀਆਂ ਦੇ ਸਹਿਯੋਗ ਨਾਲ ਘਰੇਲੂ ਝਗੜੇ, ਮਾਰ-ਕੁਟਾਈ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਨੂੰ ਛੱਡਣਾ, ਭਰੂਣ-ਹੱਤਿਆ ਲਈ ਮਜਬੂਰ ਕਰਨ ਸਮੇਤ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਜਦ ਲੋਕ ਆਪਣੇ ਘਰ ਨੌਕਰ ਜਾਂ ਠੇਕੇਦਾਰ ਆਪਣੇ ਪ੍ਰੋਜੈਕਟਾਂ ਲਈ ਮਜ਼ਦੂਰ ਰੱਖਦੇ ਹਨ, ਤਾਂ ਉਹ ਉਨ੍ਹਾਂ ਬਾਰੇ ਪੁਲਿਸ ਨੂੰ ਜਾਣੂ ਕਰਾਉਣ ਜਾਂ ਉਨ੍ਹਾਂ ਦੀ ਪੜਤਾਲ ਕਰਾਉਣਾ ਜ਼ਰੂਰੀ ਨਹੀਂ ਸਮਝਦੇ, ਜੋ ਕਿ ਗ਼ਲਤ ਹੈ। ਵੱਖ-ਵੱਖ ਖੇਤਰਾਂ ਵਿਚੋਂ ਲਿਆਂਦੇ ਨੌਕਰ ਅਤੇ ਮਜ਼ਦੂਰ ਹੀ ਜ਼ਿਆਦਾਤਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੁੰਦੇ ਹਨ। ਅਜਿਹੇ ਲੋਕਾਂ ਦੀ ਪੁਲਿਸ ਕੋਲ ਰਜਿਸਟ੍ਰੇਸ਼ਨ ਹੋਣ ਨਾਲ ਕਾਫ਼ੀ ਹੱਦ ਤੱਕ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਲਈ ਅਜਿਹੀ ਰਜਿਸਟ੍ਰੇਸ਼ਨ ਵੱਧ ਤੋਂ ਵੱਧ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਾਂਝ ਕੇਂਦਰਾਂ/ਆਊਟ ਰੀਚ ਸੈਂਟਰਾਂ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Related Articles

Back to top button