Ferozepur News
ਦੇਸ਼ ਭਰ `ਚ ਹਰ ਸਾਲ ਸਾਢੇ ਸੱਤ ਲੱਖ ਲੋਕਾਂ ਦੀ ਨੀਂਮੋਨੀਏ ਨਾਲ ਹੁੰਦੀ ਏ ਮੌਤ- ਡਾ: ਭੱਟੀ
ਸਮੌਕਿੰਗ ਤੇ ਧੂੰਏ ਤੋਂ ਬਚਣ ਦੀ ਜ਼ਰੂਰਤ-ਅੰਕੁਸ਼ ਭੰਡਾਰੀ
ਦੇਸ਼ ਭਰ `ਚ ਹਰ ਸਾਲ ਸਾਢੇ ਸੱਤ ਲੱਖ ਲੋਕਾਂ ਦੀ ਨੀਂਮੋਨੀਏ ਨਾਲ ਹੁੰਦੀ ਏ ਮੌਤ- ਡਾ: ਭੱਟੀ
ਸਮੌਕਿੰਗ ਤੇ ਧੂੰਏ ਤੋਂ ਬਚਣ ਦੀ ਜ਼ਰੂਰਤ-ਅੰਕੁਸ਼ ਭੰਡਾਰੀ
ਫਿਰੋਜ਼ਪੁਰ , 12 ਨਵੰਬਰ, 2022:ਕਸਬਾ ਮਮਦੋਟ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਪ੍ਰਤੀ ਸੁਹਿਰਦ ਕਰਦੇ ਆ ਰਹੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੇ ਸਟਾਫ ਵੱਲੋਂ ਅੱਜ ਆਪਣੇ ਅਧੀਨ ਆਉਂਦੇ ਪਿੰਡ ਹਸਨ ਢੁੱਟ ਵਿਖੇ ਵਰਲਡ ਨਮੂਨੀਆ ਡੇ `ਤੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿਚ ਪੁੱਜੇ ਸੀਨੀਅਰ ਡਾਕਟਰ ਰੇਖਾ ਭੱਟੀ ਨੇ ਜਿਥੇ ਹਾਜ਼ਰੀਨ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦਤਾ ਅਪਣਾਉਣ ਦਾ ਹੌਕਾ ਦਿੱਤਾ, ਉਥੇ ਬਦਲਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਹੋਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਣ ਲਈ ਨੁਕਤੇ ਸਾਂਝੇ ਕੀਤੇ।
ਆਏ ਸਾਲ ਨਮੋਨੀ ਕਰਕੇ ਦੇਸ਼ ਭਰ ਵਿਚ ਸਾਢੇ ਸੱਤ ਲੱਖ ਬੱਚਿਆਂ ਦੀ ਹੁੰਦੀ ਮੌਤ ਦਾ ਜਿ਼ਕਰ ਕਰਦਿਆਂ ਡਾਕਟਰ ਰੇਖਾ ਭੱਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਅਸੀਂ ਥੋੜ੍ਹੀ ਜਿਹੀ ਸੁਹਿਰਦਤਾ ਨਾਲ ਆਪਣੀ ਤੇ ਬੱਚਿਆਂ ਦੀ ਸਿਹਤ ਵੱਲ ਧਿਆਨ ਕੇਂਦਰਿਤ ਕਰੀਏ ਤਾਂ ਇਹ ਮੌਤ ਦਰ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਤੱਕ ਦੇ ਬੱਚੇ ਲਈ ਮਾਂ ਦਾ ਦੁੱਧ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਮਾਂ ਦੇ ਦੁੱਧ ਵਿਚ ਸਾਰੇ ਪੌਸਟਿਕ ਅਹਾਰ ਮਿਲਦੇ ਹਨ ਅਤੇ ਬੱਚੇ ਵਿਚ ਬਿਮਾਰੀਆਂ ਨਾਲ ਲੜਨ ਦੀ ਛਮਦਾ ਵਧਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਆਵੇ ਜਾਂ ਕੁਝ ਵੀ ਖਾਣ ਤੋਂ ਬਾਅਦ ਉਲਟੀ ਕਰ ਦੇਵੇ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੀ ਨਮੋਨੀ ਬਿਮਾਰੀ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਬੱਚੇ ਦੀ ਛਾਤੀ ਧਸੀ ਮਹਿਸੂਸ ਹੋਵੇ ਤਾਂ ਵੀ ਉਸ ਦਾ ਇਲਾਜ਼ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਤੰਦਰੁਸਤੀ ਲਈ ਉਸਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਅਤਿ ਜ਼ਰੂਰੀ ਹੈ।
ਧੂਮਰਪਾਨ ਦਾ ਇਸਤੇਮਾਲ ਕਰਦੇ ਵਿਅਕਤੀਆਂ ਨੂੰ ਇਸ ਤੋਂ ਕਿਨਾਰਾ ਕਰਨ ਦੀ ਅਪੀਲ ਕਰਦਿਆਂ ਬੀ.ਈ.ਈ ਅੰਕੁਸ਼ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਸਮੌਕਿੰਗ ਕਰਨ ਵਾਲੇ ਵਿਅਕਤੀ ਨੂੰ ਬੱਚਿਆਂ ਤੋਂ ਦੂਰ ਹੋ ਕੇ ਅਜਿਹਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਨੇ ਕਾਫੀ ਤਰੱਕੀ ਕਰ ਲਈ ਹੈ, ਪਰ ਫਿਰ ਵੀ ਪਾਥੀਆਂ, ਲੱਕੜਾਂ ਜਾਂ ਕੋਲੇ ਦੀ ਵਰਤੋਂ ਕਰਨ ਤੋਂ ਕਿਨਾਰਾ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਤੋਂ ਪੈਦਾ ਹੋਣ ਵਾਲਾ ਧੂੰਆ ਮਨੁੱਖ ਲਈ ਖਤਰੇ ਦੀ ਘੰਟੀ ਬਣਦਾ ਹੈ। ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦਤਾ ਦਿਖਾਉਣ ਦੀ ਅਪੀਲ ਕਰਦਿਆਂ ਸ੍ਰੀ ਭੰਡਾਰੀ ਨੇ ਕਿਹਾ ਕਿ ਖਾਸੀ ਕਰਨ ਜਾਂ ਛਿੱਕਣ ਸਮੇਂ ਵਿਅਕਤੀ ਨੂੰ ਆਪਣਾ ਮੂੰਹ ਰੂਮਾਨ ਜਾਂ ਟੀਸ਼ੂ ਪੇਪਰ ਨਾਲ ਢੱਕ ਲੈਣਾ ਚਾਹੀਦਾ ਹੈ ਤਾਂ ਜ਼ੋ ਛਿੱਕਣ ਸਮੇਂ ਡਿੱਗਣ ਵਾਲੇ ਡਰੋਪਸ ਕਿਸੇ ਹੋਰ ਵਿਅਕਤੀ ਨੂੰ ਆਪਣੀ ਲਪੇਟ ਵਿਚ ਨਾ ਲੈ ਸਕਣ, ਕਿਉਂਕਿ ਅਜਿਹਾ ਹੋਣ `ਤੇ ਦੂਸਰਾ ਵਿਅਕਤੀ ਵੀ ਨਮੋਨੀਏ ਦੀ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ।
ਇਸ ਮੌਕੇ ਲੋਕਾਂ ਨੂੰ ਮੱਛਰਾਂ ਦੇ ਪ੍ਰਕੋਪ ਤੋਂ ਬਚਣ ਦੀ ਅਪੀਲ ਕਰਦਿਆਂ ਮੇਲ ਵਰਕਰ ਅਮਰਜੀਤ ਨੇ ਸਪੱਸ਼ਟ ਕੀਤਾ ਕਿ ਨਿੱਕਾ ਜਿਹਾ ਮੱਛਰ ਮਨੁੱਖ ਨੂੰ ਡੇਂਗੂ, ਮਲੇਰੀਏ ਵਰਗੀ ਬਿਮਾਰੀ ਤੋਂ ਵੀ ਪੀੜਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਹਰ ਵਿਅਕਤੀ ਨੂੰ ਪੂਰੇ ਕਪੜੇ ਪਾਉਣੇ ਚਾਹੀਦਾ ਹੈ ਤਾਂ ਜ਼ੋ ਮਨੁੱਖ ਦੇ ਸਰੀਰ ਪਰ ਮੱਛਰ ਵਾਰ ਨਾ ਕਰ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਵੱਲੋਂ ਮੱਛਰਾਂ ਦੇ ਖਾਤਮੇ ਲਈ ਜਿਥੇ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ, ਉਥੇ ਪਾਣੀ ਵਿਚ ਮੱਛੀਆਂ ਵੀ ਛੱਡੀਆਂ ਜਾਣਗੀਆਂ ਤਾਂ ਜ਼ੋ ਮੱਛਰਾਂ ਦਾ ਖਾਤਮਾ ਹੋ ਸਕੇ ਅਤੇ ਮਨੁੱਖਤਾ ਦਾ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ।
ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਮੈਂਬਰ, ਦਿਆਲ ਸਿੰਘ, ਬਲਜਿੰਦਰ ਸਿੰਘ ਵੀ.ਐਚ.ਐਸ.ਸੀ ਮੈਂਬਰ, ਬਾਜ ਸਿੰਘ , ਸੁਖਵੰਤ ਸਿੰਘ, ਕਸ਼ਮੀਰ ਸਿੰਘ, ਮੈਡਮ ਸਰੋਜ਼ ਬਾਲਾ ਏ.ਐਨ.ਐਮ ਅਤੇ ਮੈਡਮ ਲਕਸ਼ਮੀ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ