Ferozepur News

ਤੰਬਾਕੂ ਸੇਵਨ ਬਣਦਾ ਹੈ ਅਨੇਕਾਂ ਜਾਨਲੇਵਾ ਬੀਮਾਰੀਆਂ ਦਾ ਕਾਰਨ -ਸਿਵਲ ਸਰਜਨ

'ਜ਼ਿੰਦਗੀ ਚੁਣੋ ਤੰਬਾਕੂ ਨਹੀਂ'-ਡਾ.ਅਰੋੜਾ 

ਤੰਬਾਕੂ ਸੇਵਨ ਬਣਦਾ ਹੈ ਅਨੇਕਾਂ ਜਾਨਲੇਵਾ ਬੀਮਾਰੀਆਂ ਦਾ ਕਾਰਨ -ਸਿਵਲ ਸਰਜਨ
*ਤੰਬਾਕੂ ਸੇਵਨ ਬਣਦਾ ਹੈ ਅਨੇਕਾਂ ਜਾਨਲੇਵਾ ਬੀਮਾਰੀਆਂ ਦਾ ਕਾਰਨ -ਸਿਵਲ ਸਰਜਨ*
– ‘ਜ਼ਿੰਦਗੀ ਚੁਣੋ ਤੰਬਾਕੂ ਨਹੀਂ’-ਡਾ.ਅਰੋੜਾ
ਫਿਰੋਜ਼ਪੁਰ, 26 ਮਈ, 2022:
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾ. ਰਵੀ ਰਾਮ ਸ਼ਰਣ ਖੇੜਾ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਪੰਦਰਵਾੜੇ ਦੌਰਾਨ ਢੁਕਵੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਵੀਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਵਿਖੇ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਟਪਾ ਐਕਟ – 2003 ਨੂੰ ਲਾਗੂ ਕਰਵਾਉਣ ਲਈ ਲਗਾਤਾਰ ਢੁਕਵੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਅਧੀਨ ਰਾਜ ਵਿੱਚ ਗੁਟਕਾ, ਪਾਨ-ਮਸਾਲਾ, ਫਲੇਵਰਡ/ਸੁਗੰਧਿਤ ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ, ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣਾ, ਜਮ੍ਹਾ ਕਰਨ ਵੇਚਣ ਅਤੇ ਵੰਡਣ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਸਥਾਨਾਂ ‘ਤੇ ਤੰਬਾਕੂਨੋਸ਼ੀ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਇਸ ਸਬੰਧੀ ਚਲਾਨ ਵੀ ਕੱਟੇ ਜਾਂਦੇ ਹਨ। ਫੂਡ ਸੇਫਟੀ ਅਫਸਰ ਨੇ ਅੱਗੇ ਖੁਲਾਸਾ ਕੀਤਾ ਕਿ ਤੰਬਾਕੂ ਦਾ ਸੇਵਨ ਹਰ ਸਾਲ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਦੀ ਕੈਂਸਰ ਨਾਲ ਮੌਤ ਦਾ ਕਾਰਨ ਬਣਦਾ ਹੈ। ਇਸ ਲਈ ਲੋਕਾਂ ਵਿੱਚ ਤੰਬਾਕੂਨੋਸ਼ੀ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮੂੰਹ ਦੇ ਕੈਂਸਰ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਜ਼ਿਆਦਾਤਰ ਸਿਗਰਟਨੋਸ਼ੀ ਕਾਰਨ ਹੁੰਦਾ ਹੈ। ਤੰਬਾਕੂ ਸੇਵਨ ਸਮੁੱਚੇ ਮਨੁੱਖੀ ਸ਼ਰੀਰ ‘ਤੇ ਵੀ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ।ਇਸ ਦੀ ਵਰਤੋਂ ਨਾਲ ਦਿਲ, ਦਿਮਾਗ,ਗੁਰਦਿਆਂ, ਮਿਹਦੇ, ਸਾਹ ਪ੍ਰਣਾਲੀ ਅਤੇ ਪ੍ਰਜਨਣ ਪ੍ਰਣਾਲੀ ਤੇ ਮਾਰੂ ਪ੍ਰਭਾਵ ਪੈਂਦੇ ਹਨ। ਤੰਬਾਕੂ ਸੇਵਨ ਫੇਫੜਿਆਂ ਦੇ ਕੈਂਸਰ ਦਾ ਵੀ ਮੁੱਖ ਕਾਰਨ ਬਣਦਾ ਹੈ। ਤੰਬਾਕ ਸੇਵਨ ਨਾਲ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟਦੀ ਹੈ ਅਤੇ ਇਸਦਾ ਲੰਬਾ ਸਮਾਂ ਸੇਵਨ ਸਮੁੱਚੀ ਸਿਹਤ ਵਿੱਚ ਨਿਘਾਰ ਦਾ ਕਾਰਨ ਬਣਦਾ ਹੈ। ਜੇਕਰ ਕੋਵਿਡ-19 ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਜਿੱਥੇ ਤੰਬਾਕੂ ਸੇਵਨ ਨਾਲ ਘਟੀ ਹੋਈ ਇਮੂਨਿਟੀ ਕਰੋਨਾ ਕੇਸਾਂ ਵਿੱਚ ਘਾਤਕ ਸਾਬਿਤ ਹੁੰਦੀ ਹੈ ਉਥੇ ਹੀ ਮੂੰਹ ਰਾਹੀਂ ਚਬਾ ਕੇ ਤੰਬਾਕੂ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਵਾਰ-ਵਾਰ ਥੁੱਕਣਾ ਪੈਂਦਾ ਜੋ ਕਰੋਨਾ ਰੋਗ ਦੋ ਫੇਲਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਜ਼ਿਲ੍ਹਾ ਸਿਹਤ ਅਫਸਰ ਡਾ. ਰਵੀ ਰਾਮ ਸ਼ਰਣ ਖੇੜਾ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਤੰਬਾਕੂ ਸੇਵਨ ਛੁਡਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਫਤ ਉਪਲੱਬਧ ਹਨ। ਇੱਥੇ ਮੁਫਤ ਕਾਊਂਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਜ਼ਬੂਤ ਇੱਛਾਸ਼ਕਤੀ ਅਤੇ ਢੁਕਵੇਂ ਡਾਕਟਰੀ ਇਲਾਜ਼ ਨਾਲ ਤੰਬਾਕੂ ਸੇਵਨ ਦੀ ਭੈੜੀ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ।
ਇਸ ਅਵਸਰ ‘ਤੇ ਸਕੂਲ ਹੈਲਥ ਅਫਸਰ ਡਾ. ਲਲਿਤ ਨਾਗਪਾਲ ਅਤੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਮੂਹ ਵਿਦਿਆਰਥੀਆਂ ਨੂੰ ਤੰਬਾਕੂ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਵਾਈ ਗਈ।
ਇਸ ਅਵਸਰ ‘ਤੇ ਸਕੂਲ ਹੈਲਥ ਅਫਸਰ ਡਾ.ਜੈਨੀ ਗੋਇਲ, ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਰਜਨੀਕ ਕੌਰ, ਡਾ. ਮਨਮੀਤ ਕੌਰ, ਲਵਪ੍ਰੀਤ ਸਿੰਘ, ਫੂਡ ਸੇਫਟੀ ਟੀਮ ਅਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button