ਡੀ.ਸੀ. ਦਫ਼ਤਰਾਂ ਵਿੱਚ ਕਲਮਛੋੜ ਹੜਤਾਲ ਕਾਰਨ ਜਨਤਕ ਸੇਵਾਵਾਂ ਬੰਦ ਰਹੀਆਂ
(ਫਿਰੋਜ਼ਪੁਰ) ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਤਿੰਨ ਰੋਜਾ ਹੜਤਾਲ ਦੇ ਪਹਿਲੇ ਦਿਨ ਸਦਰ ਦਫਤਰਾਂ, ਉੱਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉੱਪ ਤਹਿਸੀਲਾਂ ਵਿੱਚ ਕੰਮ ਕਰਦੇ ਦਫਤਰੀ ਕਾਮਿਆਂ ਨੇ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਗਿਆ ਅਤੇ ਇੱਕਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਹੜਤਾਲ ਕਾਰਨ ਅੱਜ ਰਜਿਸਟਰੇਸ਼ਨ, ਹਰ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਆਦਿ ਅਤੇ ਮੁਕੰਮਲ ਕੰਮ—ਕਾਜ਼ ਨਾ ਹੋਣ ਕਰਕੇ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪਬਲਿਕ ਨੂੰ ਬਿਨ੍ਹਾ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ।
ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਡੀ.ਸੀ. ਦਫਤਰ ਫਿਰੋਜ਼ਪੁਰ ਦੀ ਵਰਕਿੰਗ ਕਮੇਟੀ ਅਤੇ ਪੰਜਾਬ ਸਟੇਟ ਮਨਿਸਟੀਰਿਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਯੁਨਿਟ ਫਿਰੋਜ਼ਪੁਰ, ਭਾਰਤੀ ਕਿਸਾਨ ਯੂਨੀਅਨ, ਬ੍ਰਾਹਮਣ ਸਭਾ, ਬਜਰੰਗ ਦਲ, ਰਾਮਲੀਲਾ ਕਲੱਬ, ਡਾ: ਭੀਮ ਰਾਓ ਜਾਗਰਨ ਮੰਚ, ਪ੍ਰੈਸ ਕਲੱਬ, ਰਵਿਦਾਸ ਸਭਾ, ਬਾਲਮੀਕੀ ਸਮਾਜ ਅਤੇ ਐਸ.ਸੀ. ਸੈੱਲ ਜ਼ੀਰਾ ਦੇ ਆਗੂ ਸਹਿਬਾਨਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂਹ ਆਗੂਆਂ ਨੇ ਜ਼ੋਗਿੰਦਰ ਕੁਮਾਰ ਜ਼ੀਰਾ ਨਾਲ ਜਾਤੀ ਤੌਰ ਤੇ ਸ਼੍ਰੀ ਰਾਮਵੀਰ, ਆਈ.ਏ.ਐਸ. ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵੱਲੋਂ ਵੱਖ—ਵੱਖ ਢੰਗਾਂ ਨਾਲ ਕੀਤੇ ਜਾ ਰਹੇ ਤੰਗ ਪਰੇਸ਼ਾਨ ਅਤੇ ਧੱਕੇਸ਼ਾਹੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਮੂਹ ਆਗੂਆਂ ਨੇ ਆਪੋ—ਆਪਣੇ ਵਰਗਾਂ ਦੇ ਵੱਧ ਤੋਂ ਵੱਧ ਲੋਕਾਂ ਦੀ 03 ਮਈ ਦੀ ਸੂਬਾ ਪੱਧਰੀ ਰੋਸ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਵਾਇਆ। ਇਸ ਕਾਰਨ 03 ਮਈ 2018 ਨੂੰ ਪੰਜਾਬ ਰਾਜ ਦੇ ਡੀ.ਸੀ. ਦਫਤਰਾਂ, ਉੱਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉੱਪ ਤਹਿਸੀਲਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਸਾਹਮਣੇ ਪੰਜਾਬ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਮੁਲਾਜ਼ਮ ਅਤੇ ਭਰਾਤਰੀ ਜੱਥੇਬੰਦੀਆਂ ਸ਼ਮੂਲੀਅਤ ਕਰਨਗੀਆਂ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਵੱਲੋਂ ਦੱਸਿਆ ਗਿਆ ਕਿ ਅੱਜ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨਾਲ ਇਸ ਸਬੰਧ ਵਿੱਚ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਸ਼੍ਰੀ ਹਰਜੀਤ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਮੀਟਿੰਗ ਹੋਈ ਜ਼ੋ ਕਿ ਬੇ—ਨਤੀਜਾ ਰਹੀ। ਜਿਸ ਕਾਰਨ ਕਲਮਛੋੜ ਹੜਤਾਲ ਮਿਤੀ 02 ਮਈ 2018 ਨੂੰ ਵੀ ਜ਼ਾਰੀ ਰਹੇਗੀ। ਇਸ ਮੌਕੇ ਸ਼੍ਰੀ ਮਨੋਹਰ ਲਾਲ ਪ੍ਰਧਾਨ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵੱਲੋਂ ਸ਼੍ਰੀ ਜ਼ੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਤਾਂ ਮਿਤੀ 03 ਮਈ 2018 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਮੁਲਾਜ਼ਮ ਰੋਸ ਧਰਨੇ ਵਿੱਚ ਸਮੂਹਲੀਅਤ ਕਰਨਗੇ।
ਮੀਟਿੰਗ ਵਿੱਚ ਸ਼੍ਰੀ ਸੁਬੇਗ ਸਿੰਘ, ਸੂਬਾ ਪ੍ਰਧਾਨ ਖਜਾਨਾ ਵਿਭਾਗ ਪੰਜਾਬ, ਸ਼੍ਰੀ ਪਿੱਪਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਸ਼੍ਰੀ ਪਰਮਜੀਤ ਸਿੰਘ ਗਿੱਲ ਸੀਨੀਅਰ ਵਾਈਸ ਪ੍ਰਧਾਨ ਪੀ.ਐਸ.ਐਮ.ਐਸ.ਯੂ., ਸ਼੍ਰੀ ਪ੍ਰਦੀਪ ਵਿਨਾਇਕ ਸੂਬਾ ਜਨਰਲ ਸਕੱਤਰ ਭੂਮੀ ਰੱਖਿਆ ਵਿਭਾਗ, ਵਰਕਿੰਗ ਕਮੇਟੀ ਡੀ.ਸੀ.ਦਫਤਰ ਫਿਰੋਜ਼ਪੁਰ ਸ਼੍ਰੀ ਵਰਿੰਦਰ ਸ਼ਰਮਾ, ਸ਼੍ਰੀ ਕੇਵਲ ਕ੍ਰਿਸ਼ਨ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਸੋਨੂੰ ਕਸ਼ਯਪ ਆਦਿ ਤੋਂ ਇਲਾਵਾ ਸ਼੍ਰੀ ਰਜਿੰਦਰ ਕੁਮਾਰ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਸਰਬਜੀਤ, ਸ਼੍ਰੀ ਦੀਪਕ ਕੁਮਾਰ, ਸ਼੍ਰੀ ਮਹਿਤਾਬ, ਸ਼੍ਰੀ ਪਰਮਜੀਤ, ਸ਼੍ਰੀ ਹਰਪ੍ਰੀਤ, ਸ਼੍ਰੀ ਜਰਮਲ ਸਿੰਘ ਆਦਿ ਹਾਜਰ ਸਨ।