Ferozepur News

ਡਿਪਟੀ ਕਮਿਸ਼ਨਰ ਵੱਲੋਂ ਫ਼ੀਸਾਂ/ਫ਼ੰਡਾਂ ਵਿੱਚ ਵਾਧੇ ਸਬੰਧੀ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀਆਂ/ਪ੍ਰਿੰਸੀਪਲਾਂ ਨਾਲ ਮੀਟਿੰਗ।

ਫ਼ਿਰੋਜ਼ਪੁਰ 17 ਅਪ੍ਰੈਲ 2017 ( ) ਦਾ ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਣ-ਏਡਿਡ ਐਜੂਕੇਸ਼ਨ ਇੰਸਟੀਚਿਊਸ਼ਨਜ਼ ਬਿਲ-2016 ਤਹਿਤ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫ਼ੀਸਾਂ/ਫ਼ੰਡਾਂ ਵਿੱਚ ਵਾਧਾ ਕਰਨ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ ਸ਼੍ਰੀ ਵਿਨੀਤ ਕੁਮਾਰ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆ/ਪ੍ਰਿੰਸੀਪਲਾਂ ਨੇ ਹਿੱਸਾ ਲਿਆ।

ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲ ਮੁਖੀਆਂ/ਪ੍ਰਿੰਸੀਪਲਾਂ ਨੂੰ ਉਕਤ ਬਿੱਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਣ-ਏਡਿਡ ਐਜੂਕੇਸ਼ਨ ਇੰਸਟੀਚਿਊਸ਼ਨਜ਼ ਬਿਲ-2016 ਬਣਾ ਦਿੱਤਾ ਗਿਆ ਹੈ। ਇਸ ਬਿੱਲ ਨਾਲ ਅਣ-ਏਡਿਡ ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਿੱਲ ਅਨੁਸਾਰ  ਕਮਿਸ਼ਨਰ ਫ਼ਿਰੋਜ਼ਪੁਰ, ਮੰਡਲ ਸਿੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ.), ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.),  ਦੀ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਫ਼ੀਸਾਂ ਸਬੰਧੀ ਮਾਪਿਆਂ/ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ।ਉਨ੍ਹਾਂ ਦੱਸਿਆ ਕਿ ਸਮੂਹ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫ਼ੀਸ (ਟਿਊਸ਼ਨ ਫ਼ੀਸ, ਫੰਡਜ਼, ਚਾਰਜਿਸ) ਵਿੱਚ ਪਿਛਲੇ ਸਾਲ ਨਾਲੋਂ 8% ਤੱਕ ਦਾ ਹੀ ਵਾਧਾ ਕਰਣਗੇ। ਇਸ ਤੋਂ ਵੱਧ ਵਾਧਾ ਕੋਈ ਵੀ ਸਕੂਲ ਨਹੀਂ ਕਰੇਗਾ।  ਉਨ੍ਹਾਂ ਕਿਹਾ ਕਿ ਸਮੂਹ ਪ੍ਰਾਈਵੇਟ ਸਕੂਲ ਨਵੀਆਂ ਸਹੂਲਤਾਂ/ਨਵਾਂ ਇਨਫਰਾਸਟਰਕਚਰ ਜਾਂ ਬਿਲਡਿੰਗ ਵਿੱਚ ਵਾਧਾ ਕਰਨ ਦੇ ਲਈ ਹੀ ਫ਼ੀਸਾਂ ਵਿੱਚ ਵਾਧਾ ਕਰਣਗੇ ਅਤੇ ਕਿਸੇ ਵੀ ਸਕੂਲ ਵੱਲੋਂ ਲਾਭ ਕਮਾਉਣ ਦੇ ਮੰਤਵ ਨਾਲ ਫ਼ੀਸਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਸਕੂਲ ਬਿੱਲ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਿੱਲ ਵਿੱਚ ਦੱਸੇ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ। 

ਮੀਟਿੰਗ ਦੌਰਾਨ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਫ਼ਿਰੋਜ਼ਪੁਰ ਸ਼੍ਰੀ ਪਰਮਦੀਪ ਸਿੰਘ (ਪੀ.ਸੀ.ਐਸ.) ਨੇ ਸਮੂਹ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਲਿਆਉਣ, ਸਕੂਲ ਤੋਂ ਲਿਜਾਣ ਵਾਲੇ ਵਾਹਨਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਲਿਆਉਣ ਦੀ ਹਦਾਇਤ ਕੀਤੀ । ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਵੱਲੋਂ ਲਗਾਏ ਗਏ ਵਾਹਨ ਜਾਂ ਮਾਪਿਆਂ ਵੱਲੋਂ ਕੀਤੇ ਗਏ ਵਾਹਨ ਇਸ ਪਾਲਿਸੀ ਦੇ ਅਧੀਨ ਹੋਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਪਾਲਿਸੀ ਤੋਂ ਬਾਹਰ ਕਿਸੇ ਵੀ ਤਰ੍ਹਾਂ ਦੇ ਵਾਹਨ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ ਅਤੇ ਜਲਦ ਹੀ ਇਸ ਸਬੰਧੀ ਸਕੂਲ ਵਾਹਨਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ।

ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ./ਸੈ.ਸਿ.) ਫ਼ਿਰੋਜ਼ਪੁਰ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸਮੂਹ ਪ੍ਰਾਈਵੇਟ ਸਕੂਲ ਉਕਤ ਬਿੱਲ ਤੋਂ ਇਲਾਵਾ ਸਿੱਖਿਆ ਦਾ ਅਧਿਕਾਰ ਐਕਟ 2009 ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰਣਗੇ।

ਇਸ ਮੌਕੇ ਸ. ਹਰਜੀਤ ਸਿੰਘ ਸੰਧੂ ਐਸ.ਡੀ.ਐਮ. ਫਿਰੋਜ਼ਪੁਰ, ਸ਼੍ਰੀ ਵਿਨੀਤ ਕੁਮਾਰ ਐਸ.ਡੀ.ਐਮ. ਜ਼ੀਰਾ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਸ਼੍ਰੀ ਪ੍ਰਦੀਪ ਦਿਓੜਾ ਤੋਂ ਇਲਾਵਾ ਸਮੂਹ ਬੀ.ਪੀ.ਈ.ਓ. ਜ਼ਿਲ੍ਹਾ ਫ਼ਿਰੋਜ਼ਪੁਰ ਹਾਜ਼ਰ ਸਨ।

Related Articles

Back to top button