Ferozepur News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼

ਫ਼ਿਰੋਜ਼ਪੁਰ 6 ਨਵੰਬਰ 2018 ( ) ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਣ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਦੀਪਮਾਲਾ ਕਰਕੇ ਹਰੀ ਦੀਵਾਲੀ ਮਨਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਨੂੰ ਪਟਾਕਿਆਂ/ਆਤਿਸ਼ਬਾਜ਼ੀ ਦੇ ਧੂੰਏਂ ਅਤੇ ਸ਼ੋਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਕੁਦਰਤ ਦੀ ਕਾਇਨਾਤ ਦੇ ਕਦਰਦਾਨ ਵੀ ਬਣ ਸਕਾਂਗੇ। 

ਉਨ੍ਹਾਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਅਸਲ ਵਿੱਚ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਸਾਨੂੰ ਖ਼ੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਦੀ ਪ੍ਰੇਰਨਾ ਦਿੰਦਾ ਹੈ।  ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਇਸ ਵਾਰ ਦੀਵਾਲੀ ਦਾ ਤਿਉਹਾਰ ਪਟਾਕੇ ਚਲਾਏ ਬਿਨਾ ਮਨਾਉਣਾ ਚਾਹੀਦਾ ਹੈ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਦੀਵਾਲੀ ਦੀ ਰਾਤ ਨੂੰ ਪਟਾਕੇ ਚੱਲਣ ਕਾਰਨ ਜਿੱਥੇ ਬਹੁਤ ਸਾਰਾ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ ਉੱਥੇ ਆਤਿਸ਼ਬਾਜ਼ੀ ਦੇ ਜ਼ਹਿਰੀਲੇ ਧੂੰਏਂ ਕਾਰਨ ਹਵਾ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਤੀ 'ਤੇ ਜੀਵਨ ਸ਼ੁੱਧ ਵਾਤਾਵਰਨ ਦੀ ਬਦੌਲਤ ਹੀ ਕਾਇਮ ਹੈ ਅਤੇ ਹਰ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਦੀ ਬਜਾਏ ਹਰੀ ਦੀਵਾਲੀ ਮਨਾਉਣ ਨੂੰ ਤਰਜੀਹ ਦੇਣ। 

ਉਨ੍ਹਾਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਨਾਲ-ਨਾਲ ਦੀਵਾਲੀ ਦੌਰਾਨ ਸਫ਼ਾਈ ਦਾ ਵੀ ਉਚੇਚਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਸਵੱਛਤਾ ਅਭਿਆਨ ਦੇ ਮੱਦੇਨਜ਼ਰ ਸਾਨੂੰ ਇਸ 'ਤੇ ਪਹਿਰਾ ਦਿੰਦਿਆਂ ਦੀਵਾਲੀ ਦੇ ਤਿਉਹਾਰ ਦੌਰਾਨ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।  ਡਿਪਟੀ ਕਮਿਸ਼ਨਰ ਅਨੁਸਾਰ ਪ੍ਰਦੂਸ਼ਣ ਰਹਿਤ ਦੀਵਾਲੀ ਜਿੱਥੇ ਸਾਡੇ ਚੌਗਿਰਦੇ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖੇਗੀ ਉੱਥੇ ਪਟਾਕਿਆਂ ਦੇ ਧੂੰਏਂ ਕਾਰਨ ਸਮੁੱਚੀ ਮਨੁੱਖਤਾ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਨਹੀਂ ਬਣੇਗੀ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਗੁਰਮੀਤ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Articles

Back to top button