ਡਿਪਟੀ ਕਮਿਸ਼ਨਰ ਨੇ ਖ਼ੁਦ ਖ਼ੂਨਦਾਨ ਕਰਕੇ ਖ਼ੂਨਦਾਨ ਕੈਂਪ ਦੀ ਕੀਤੀ ਸ਼ੁਰੂਆਤ
ਡਿਪਟੀ ਕਮਿਸ਼ਨਰ ਨੇ ਖ਼ੁਦ ਖ਼ੂਨਦਾਨ ਕਰਕੇ ਖ਼ੂਨਦਾਨ ਕੈਂਪ ਦੀ ਕੀਤੀ ਸ਼ੁਰੂਆਤ
ਕਿਹਾ, ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ 19 ਵੀਂ ਵਾਰ ਫਿਰੋਜ਼ਪੁਰ ਵਿਖੇ ਖ਼ੂਨਦਾਨ ਕਰਨ ਦੀ ਸੇਵਾ ਪ੍ਰਾਪਤ ਹੋਈ
ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 160 ਯੂਨਿਟ ਖ਼ੂਨ ਕੀਤਾ ਗਿਆ ਇਕੱਤਰ ਤੇ ਪੋਲੋ ਲੈਬ ਵੱਲੋਂ 101 ਮੈਡੀਕਲ ਟੈੱਸਟ ਕੀਤੇ ਗਏ ਮੁਫ਼ਤ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ
ਫ਼ਿਰੋਜ਼ਪੁਰ 06 ਮਾਰਚ 2020 ( ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨੁੱਖਤਾ ਬਲੱਡ ਸੇਵਾ ਤੇ ਹੈਲਪਿੰਗ ਹੈਂਡਸ ਫਿਰੋਜ਼ਪੁਰ ਐੱਨ.ਜੀ.ਓਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਖ਼ੁਦ ਖ਼ੂਨ ਦੇ ਕੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਖ਼ੂਨਦਾਨ ਕਰਨ ਤੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਅੱਜ 19ਵੀਂ ਵਾਰ ਫਿਰੋਜ਼ਪੁਰ ਵਿਖੇ ਖ਼ੂਨਦਾਨ ਕਰਨ ਦੀ ਸੇਵਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਖ਼ੂਨ ਨਾਲ ਜਿੱਥੇ ਲੋੜਵੰਦ ਰੋਗੀ ਨੂੰ ਨਵੀਂ ਜ਼ਿੰਦਗੀ ਮਿਲੇਗੀ ਉੱਥੇ ਉਸ ਦੇ ਪਰਿਵਾਰ ਨੂੰ ਵੀ ਇੱਕ ਤਰ੍ਹਾਂ ਨਾਲ ਨਵਾਂ ਜੀਵਨ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕੈਂਪ ਵਿੱਚ 160 ਯੂਨਿਟ ਖ਼ੂਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ ਹੈ ਤੇ ਪੋਲੋ ਲੈਬ ਵੱਲੋਂ ਖ਼ੂਨਦਾਨੀਆਂ ਤੇ ਹੋਰਨਾਂ ਦੇ 101 ਮੈਡੀਕਲ ਟੈੱਸਟ ਮੁਫ਼ਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਇਕੱਤਰ ਕੀਤਾ ਗਿਆ ਖ਼ੂਨ ਬਲੱਡ ਬੈਂਕ ਵਿੱਚ ਜਮਾਂ ਹੋਵੇਗਾ ਤੇ ਬਲੱਡ ਬੈਂਕ ਵਿੱਚ ਜਮਾਂ ਕੀਤਾ ਗਿਆ ਖ਼ੂਨ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਲੋੜ ਪੈਣ ‘ਤੇ ਲਗਾਇਆ ਜਾਂਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਰਣਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ, ਐੱਮ.ਏ. ਪ੍ਰਦੀਪ ਕੁਮਾਰ ਅਤੇ ਚੇਤੰਨ ਰਾਣਾ ਆਦਿ ਹਾਜ਼ਰ ਸਨ।