Ferozepur News

ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਸਫ਼ਾਈ ਸਬੰਧੀ ਦਿੱਤੇ ਨਿਰਦੇਸ਼ ਲੋਕਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਵਿਚ ਸਹਿਯੋਗ ਦੇਣ ਦੀ ਅਪੀਲ

ਫ਼ਿਰੋਜ਼ਪੁਰ 3 ਅਗਸਤ 2018 (Manish Bawa ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿਚ ਸਫ਼ਾਈ, ਸ਼ੁੱਧ ਖਾਣ-ਪੀਣ ਆਦਿ ਸਬੰਧੀ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸਮੂਹ ਕਾਰਜਸਾਧਕ ਅਫ਼ਸਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ, ਨਗਰ ਕੌਂਸਲਾਂ/ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਜੋ ਲੋਕ ਬਾਹਰ ਕੂੜਾ ਸੁੱਟਦੇ ਹਨ ਜਾਂ ਕੂੜੇ ਨੂੰ ਅੱਗ ਲਗਾਉਂਦੇ ਹਨ, ਪਾਣੀ ਦੀ ਦੁਰਵਰਤੋਂ ਕਰਦੇ ਹਨ ਜਾਂ ਸੜਕ ਤੇ ਮਲਬੇ ਰੱਖਦੇ ਹਨ ਉਨ੍ਹਾਂ ਦਾ ਚਲਾਨ ਕੀਤਾ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਸੀਵਰੇਜ ਆਦਿ ਕੁਨੈਕਸ਼ਨ ਨੂੰ ਵੀ ਚੈੱਕ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਕੋਈ ਵੀ ਅੰਡਰ ਗਰਾਉਂਡ ਕੁਨੈਕਸ਼ਨ ਬੰਦ ਹਾਲਤ ਵਿਚ ਨਾ ਹੋਵੇ ਅਤੇ ਜੇਕਰ ਕੋਈ ਕੁਨੈਕਸ਼ਨ ਬੰਦ ਹੈ ਤਾ ਉਸ ਨੂੰ ਜਲਦ ਠੀਕ ਕੀਤਾ ਜਾਵੇ।
ਉਨ੍ਹਾਂ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਤਲਵੰਡੀ ਭਾਈ ਡਰੇਨ/ਸੇਮ ਨਾਲੇ ਦੀ ਸਫ਼ਾਈ, ਮਖੁ ਡਰੇਨ, ਗੁਰੂਹਰਸਹਾਏ ਡਰੇਨ ਅਤੇ ਲੋਕਲ ਡਰੇਨਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਇਸ ਸਬੰਧੀ ਮਕੈਨੀਕਲ ਮਸ਼ੀਨਾਂ ਲਗਾਈਆਂ ਜਾਣ। ਉਨ੍ਹਾਂ ਸ਼ਹਿਰਾਂ ਵਿਚ ਸਾਰੀਆਂ ਸਬਜ਼ੀਆਂ ਮੰਡੀਆਂ, ਫਲ ਸਬਜੀਆਂ-ਜੂਸ ਆਦਿ ਦੀਆਂ ਦੁਕਾਨਾਂ ਦੀ ਸਫ਼ਾਈ ਅਤੇ ਹੋਟਲਾਂ ਦੀ ਰਸੋਈਆਂ ਦੀ ਸਫ਼ਾਈ ਸਬੰਧੀ ਚੈਕਿੰਗ ਕਰਨ ਦੀ ਵੀ ਹਦਾਇਤ ਕੀਤੀ। 
ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦਾ ਮੈਡੀਕਲ ਚੈੱਕਅਪ ਕਰਵਾਉਣਾ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਮੈਡੀਕਲ ਕੈਂਪ ਵੀ ਲਗਾਉਣ। ਡਿਪਟੀ ਕਮਿਸ਼ਨਰ ਨੇ ਸਮੂਹ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖ ਕੇ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਵਿਚ ਆਪਣਾ ਸਹਿਯੋਗ ਦੇਣ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ (ਜਨ.), ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button