Ferozepur News
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਮੁੱਖ ਸਕੱਤਰ ਨਾਲ ਪੈਨਲ ਮੀਟਿੰਗ 13 ਸਤੰਬਰ ਨੂੰ
ਮਿਤੀ 10 ਸਤੰਬਰ 2017(ਚੰਡੀਗੜ) ਠੇਕਾ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਕਰਵਾਉਣ ਲਈ ਲੰਬੇ ਸਮੇਂ ਤੋਂ ਠੇਕਾ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਸਘੰਰਸ਼ ਕੀਤਾ ਜਾ ਰਿਹਾ ਹੈ ਅਤੇ ਮੰਗਾਂ ਲਾਗੂ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਵੀ ਕਾਂਗਰਸ ਸਰਕਾਰ ਬਨਣ ਤੋਂ ਬਾਅਦ ਵੀ ਮੁਲਾਜ਼ਮਾਂ ਵੱਲੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਦਾ ਰਸਤਾ ਅਪਨਾਇਆ ਗਿਆ ਅਤੇ ਵੱਖ ਵੱਖ ਅਫਸਰਾਂ ਅਤੇ ਮੁੱਖ ਮੰਤਰੀ ਦੇ ਅਧਿਕਾਰੀਆ ਨਾਲ ਮੀਟਿੰਗ ਕੀਤੀਆ ਗਈਆ ਪ੍ਰੰਤੂ ਹਰ ਅਫਸਰ/ਅਧਿਕਾਰੀ ਵੱਲੋਂ ਮੰਗਾਂ ਨੂੰ ਜ਼ਾਇਜ਼ ਮੰਨਿਆ ਗਿਆ ਅਤੇ ਅੰਤਿਮ ਫੈਸਲਾ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਜਾਣ ਦਾ ਕਿਹਾ ਗਿਆ।ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੂੰ ਕਈ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਦਿੱਤੇ ਗਏ ਪ੍ਰੰਤੂ ਦਿੱਤੇ ਭਰੋਸੇ ਹਰ ਵਾਰ ਲਾਰੇ ਹੀ ਸਾਬਿਤ ਹੋਏ ਅਤੇ ਬੀਤੀ 19 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਵੱਲੋਂ ਨੂੰ ਸ਼ੁਰੂ ਕੀਤੇ ਮਾਰਚ ਤੋਂ ਬਾਅਦ ਵੀ ਠੇਕਾ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਕੀਤਾ ਵਾਅਦਾ ਵੀ ਫੋਕਾ ਨਿਕਲਿਆ।ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਚੇਅਰਮੈਨ ਸੱਜਣ ਸਿੰਘ, ਸਕੱਤਰ ਜਨਰਲ ਅਸ਼ੀਸ਼ ਜੁਲਾਹਾ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕਾਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਵਾਰ ਵਾਰ ਲਗਾਏ ਜਾ ਰਹੇ ਲਾਰਿਆ ਤੋਂ ਤੰਗ ਆ ਕੇ ਮੁਲਾਜ਼ਮਾਂ ਵੱਲੋਂ 12 ਸਤੰਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਰੱਖੀ ਸੀ ਜਿਸ ਵਿਚ ਸਰਕਾਰ ਖਿਲਾਫ ਅਗਲੇ ਐਕਸ਼ਨ ਦੀ ਰਣਨੀਤੀ ਬਣਾ ਕੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਣਾ ਸੀ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਦੇ ਰੋਸ ਨੂੰ ਦੇਖਦੇ ਹੋਏ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਵੱਲੋਂ ਮੁਲਾਜ਼ਮਾਂ ਨੂੰ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮ ਮੀਟਿੰਗ ਰਾਹੀ ਮਸਲਿਆ ਦਾ ਹੱਲ ਕੱਢਣ ਵਿਚ ਵਿਸ਼ਵਾਸ ਰੱਖਦੇ ਹਨ ਤੇ 13 ਸਤੰਬਰ ਨੂੰ ਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਵਿਚ ਵੀ ਮੁਲਾਜ਼ਮਾਂ ਨੂੰ ਕਾਫੀ ਉਮੀਦ ਹੈ।ਆਗੂਆ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿਚ ਪਾਸ ਕੀਤੇ ਐਕਟ ਨੂੰ ਤੁਰੰਤ ਲਾਗੂ ਕਰੇ।ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਐਕਟ ਵਿਚ ਕੋਈ ਵੀ ਸੋਧ ਕੀਤੀ ਗਈ ਜੋ ਕਿ ਮੁਲਾਜ਼ਮਾਂ ਦੇੇ ਵਿਰੱਧ ਹੋਈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਅੰਤ ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 13 ਸਤੰਬਰ ਦੀ ਮੀਟਿੰਗ ਵਿਚ ਕੋਈ ਹੱਲ ਨਾ ਹੋਇਆ ਅਤਤੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਠੇਕਾ ਮੁਲਾਜ਼ਮ ਗੁਰਦਾਸਪੁਰ ਵਿਖੇ ਸਰਕਾਰ ਦੇ ਝੂਠੇ ਵਾਅਦਿਆ ਦੀ ਪੋਲ ਖੋਲਣ ਲਈ ਮੁਹਿੰਮ ਚਲਾਉਣਗੇ।