ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕੀਤੀ ਰੋਸ ਗੇਟ ਰੈਲੀ
ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕੀਤੀ ਰੋਸ ਗੇਟ ਰੈਲੀ
– ਮਾਮਲਾ ਮੁਲਾਜ਼ਮ ਦੀ ਹੋਈ ਬਦਲੀ ਦਾ
ਗੁਰੂਹਰਸਹਾਏ, 28 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ਼ਹਿਰੀ ਅਤੇ ਸਬ-ਅਰਬਨ ਅਤੇ ਸਬ-ਡਵੀਜਨ ਦੇ ਸਮੂਹ ਬਿਜਲੀ ਕਾਮਿਆਂ ਨੇ ਦਫ਼ਤਰ ਗੁਰੂਹਰਸਹਾਏ ਵਿਖੇ ਇਕ ਰੋਸ ਗੇਟ ਰੈਲੀ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਿੰਗਾਰ ਚੰਦ ਨੇ ਕਿਹਾ ਕਿ ਸਾਡੀ ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਜਲਾਲਾਬਾਦ ਦੇ ਪ੍ਰਧਾਨ ਨਰੇਸ਼ ਸੇਠੀ ਦੀ ਬਦਲੀ ਸਿਆਸੀ ਅਧਾਰ 'ਤੇ ਗੁਰੂਹਰਸਹਾਏ ਤੋਂ ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ ਵਿਖੇ ਕੀਤੀ ਗਈ ਹੈ, ਜਦੋਂ ਕਿ ਨਰੇਸ਼ ਸੇਠੀ ਦੀ ਵਿਭਾਗੀ ਤੌਰ 'ਤੇ ਕੋਈ ਸ਼ਿਕਾਇਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਮੂਹ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਮੰਡਲ ਪ੍ਰਧਾਨ ਜਲਾਲਾਬਾਦ ਨਰੇਸ਼ ਸੇਠੀ ਦੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਨਰੇਸ਼ ਸੇਠੀ ਨੂੰ ਜਬਰੀ ਰਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਰੈਲੀ ਨੂੰ ਪ੍ਰਧਾਨ ਬਲਵਿੰਦਰ ਸਿੰਘ, ਕਰਤਾਰ ਸਿੰਘ, ਰਵਿੰਦਰ ਸਿੰਘ, ਨਰੇਸ਼ ਸੇਠੀ, ਸੁਰਜੀਤ ਸਿੰਘ, ਬਲਵੀਰ ਸਿੰਘ, ਬਲਵੀਰ ਕੁਮਾਰ ਆਦਿ ਨੇ ਸੰਬੋਧਨ ਕੀਤਾ।