ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ 71 ਵਿਦਿਆਰਥੀਆਂ ਨੇ ਐੱਨ.ਐੱਮ.ਐੱਮ.ਐੱਸ.ਪ੍ਰੀਖਿਆ ਕੀਤੀ ਪਾਸ
71 ਵਿਦਿਆਰਥੀਆਂ ਦੇ ਐੱਨ.ਐੱਮ.ਐੱਮ.ਐੱਸ.ਪ੍ਰੀਖਿਆ ਪਾਸ ਕਰਨਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ - ਮੁਨੀਲਾ ਅਰੋੜਾ /ਡਾ. ਸਤਿੰਦਰ ਸਿੰਘ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ 71 ਵਿਦਿਆਰਥੀਆਂ ਨੇ ਐੱਨ.ਐੱਮ.ਐੱਮ.ਐੱਸ.ਪ੍ਰੀਖਿਆ ਕੀਤੀ ਪਾਸ
71 ਵਿਦਿਆਰਥੀਆਂ ਦੇ ਐੱਨ.ਐੱਮ.ਐੱਮ.ਐੱਸ.ਪ੍ਰੀਖਿਆ ਪਾਸ ਕਰਨਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ – ਮੁਨੀਲਾ ਅਰੋੜਾ /ਡਾ. ਸਤਿੰਦਰ ਸਿੰਘ
ਫ਼ਿਰੋਜ਼ਪੁਰ 31 ਮਾਰਚ, 2025: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ 71 ਵਿਦਿਆਰਥੀਆਂ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ (ਐੱਨ.ਐੱਮ.ਐੱਮ.ਐੱਸ.) ਪ੍ਰੀਖਿਆ ਪਾਸ ਕਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਹਰ ਸਾਲ ਪੰਜਾਬ ਰਾਜ ਵਿਚ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਜਿੱਤਣ ਲਈ ਪਰੀਖਿਆ ਲਈ ਜਾਂਦੀ ਹੈ। ਇਸ ਪਰੀਖਿਆ ਨੂੰ ਪਾਸ ਕਰਨ ਵਾਲ਼ੇ ਵਿਦਿਆਰਥੀਆਂ ਨੂੰ 12ਵੀਂ ਜਮਾਤ ਤੱਕ ਹਰ ਮਹੀਨੇ 1000/- ਰੁਪਏ ਮਤਲਬ ਕੁੱਲ 48 ਮਹੀਨੇ ਲਈ 48000/- ਰੁਪਏ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਸਕਾਲਰਸ਼ਿਪ ਨਾਲ਼ ਵਿਦਿਆਰਥੀਆਂ ਨੂੰ ਜਿੱਥੇ ਆਰਥਿਕ ਮਦਦ ਮਿਲ਼ਦੀ ਹੈ ਉੱਥੇ ਆਪਣੀ ਉਚੇਰੀ ਪੜ੍ਹਾਈ ਲਈ ਮਿਹਨਤ ਕਰਨ ਲਈ ਪ੍ਰੇਰਣਾ ਵੀ ਮਿਲ਼ਦੀ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਸ਼੍ਰੀਮਤੀ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਡਾ. ਸਤਿੰਦਰ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਉਮੇਸ਼ ਕੁਮਾਰ ਤੇ ਲਵਦੀਪ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਦੇ ਸਕੂਲ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਸਕੂਲ ਮੁਖੀਆਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ।
ਇਸ ਸਾਲ 71 ਵਿਦਿਆਰਥੀਆਂ ਵਿੱਚੋਂ ਸੱਭ ਤੋਂ ਵੱਧ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ 19 ਵਿਦਿਆਰਥੀ, ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਦੇ 8, ਸਰਕਾਰੀ ਮਿਡਲ ਸਕੂਲ ਦੋਨਾਂ ਭਦਰੂ ਦੇ 6, ਸਰਕਾਰੀ ਮਾਡਲ ਸਕੂਲ ਗੁੱਦੜ ਢੰਡੀ ਦੇ 5, ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਦੇ 4, ਸਰਕਾਰੀ ਹਾਈ ਸਕੂਲ ਕੜਮਾ ਦੇ 3, ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ, ਮਨਸੂਰ ਦੇਵਾ, ਖਾਈ ਫੇਮੇ ਕੇ , ਕਾਮਲਵਾਲਾ ਖ਼ੁਰਦ, ਝੋਕ ਹਰੀ ਹਰ, ਪਿਆਰੇਆਣਾ, ਬਸਤੀ ਕੇਸਰ ਸਿੰਘ ਵਾਲ਼ਾ ਦੇ 2-2 ਵਿਦਿਆਰਥੀ ਅਤੇ ਝੰਡੂ ਵਾਲਾ, ਰੁਕਣਾ ਬੇਗੂ, ਮੱਲਾਂਵਾਲਾ, ਬੂਹ ਗੁੱਜਰਾਂ, ਸੋਹਣਗੜ੍ਹ, ਪੰਡੋਰੀ ਖੱਤਰੀਆਂ, ਚੱਬਾ , ਤਲਵੰਡੀ ਭਾਈ ਕੰਨਿਆ, ਭੂਰੇ ਖ਼ੁਰਦ, ਮਮਦੋਟ ਕੰਨਿਆ, ਚੱਕ ਘੁਬਾਈ ਅਤੇ ਕਰੀਆਂ ਪਹਿਲਵਾਨ ਦੇ 1-1 ਵਿਦਿਆਰਥੀ ਨੇ ਇਹ ਸਕਰਾਲਸ਼ਿਪ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਜ਼ਿਲ੍ਹਾ ਨੋਡਲ ਅਫ਼ਸਰ ਉਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਇੱਕ ਸਕੂਲ ਸ਼ਹੀਦ ਗੁਰਦਾਸ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਜ਼ੀਰਾ ਦੇ 19 ਵਿਦਿਆਰਥੀਆਂ ਨੇ ਇਹ ਪਰੀਖਿਆ ਪਾਸ ਕੀਤੀ ਹੈ। ਇਸ ਲਈ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਬਹੁਤ ਵਧਾਈ ਦੇ ਪਾਤਰ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ:) ਸ਼੍ਰੀਮਤੀ ਮੁਨੀਲਾ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਇਹ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ, ਉਨ੍ਹਾਂ ਦੇ ਸਕੂਲ ਮੁਖੀ , ਸਟਾਫ਼ ਮੈਂਬਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਾਰੇ ਹੀ ਵਧਾਈ ਦੇ ਪਾਤਰ ਹਨ ਅਤੇ ਬਾਕੀ ਸਕੂਲ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਇਸ ਵਿਚ ਕਾਮਯਾਬ ਬਣਾਉਣ। ਉਨ੍ਹਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।