ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਇੰਨਸਾਫ ਦੀ ਮੰਗ ਨੂੰ ਲੈ ਕੇ ਔਰਤਾਂ ਬੈਠੀਆਂ ਧਰਨੇ 'ਤੇ
ਫ਼ਿਰੋਜ਼ਪੁਰ : 3-8-2018: ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਜੇ ਕੇ ਦੇ ਪੀੜਤ ਹਾਕਮ ਚੰਦ ਦੇ ਘਰ ਨੂੰ ਕਸ਼ਮੀਰ ਲਾਲ ਅਤੇ ਉਸ ਦੇ ਬੰਦਿਆਂ ਵੱਲੋਂ ਲਾਏ ਜਿੰਦੇ ਨੂੰ ਖੁਲ੍ਹਵਾਉਣ ਲਈ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਔਰਤਾਂ ਵੱਲੋਂ ਧਰਨਾ ਲਗਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਡੀਐੱਸਓ ਦੀ ਆਗੂ ਕਮਲਜੀਤ ਕੌਰ ਰੋਡੇ ਅਤੇ ਪੀਐੱਸਯੂ ਦੀ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪਿੰਡ ਬਾਜੇਕੇ ਦੇ ਹਾਕਮ ਚੰਦ ਦੀ ਦੁਕਾਨ ਤੇ ਕਾਂਗਰਸੀ ਆਗੂ ਦੀ ਸ਼ਹਿ 'ਤੇ ਕਸ਼ਮੀਰ ਲਾਲ ਤੇ ਉਸ ਦੇ ਬੰਦਿਆਂ ਨੇ ਦੁਕਾਨ ਢਾਹ ਕੇ ਉਸ ਦੇ 5 ਮਰਲੇ ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਸ਼ਮੀਰ ਲਾਲ ਉੱਪਰ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਬਲਕਿ ਉਲਟਾ ਪੀੜਤ ਹਾਕਮ ਚੰਦ ਅਤੇ ਉਸ ਦੇ ਪਰਿਵਾਰ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਸੰਘਰਸ਼ ਕਰ ਰਹੇ ਜਥੇਬੰਦੀਆਂ ਦੇ ਆਗੂਆਂ 'ਤੇ ਵੀ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਆਗੂਆਂ ਨੇ ਦੋਸ਼ ਲਗਾਇਆ ਕਿ ਜਦੋਂ ਪ੍ਰਸ਼ਾਸਨ ਦੁਆਰਾ ਹਾਕਮ ਚੰਦ ਦੀ ਦੁਕਾਨ 'ਤੇ ਉਸ ਨੂੰ ਕਬਜ਼ਾ ਨਾ ਦੁਆਇਆ ਗਿਆ ਤਾਂ ਜਥੇਬੰਦੀਆਂ ਨੇ ਹਾਕਮ ਚੰਦ ਦੀ ਦੁਕਾਨ ਤੇ ਉਸ ਨੂੰ ਕਬਜ਼ਾ ਛੁਡਾ ਕੇ ਦਿੱਤਾ ਅਤੇ ਕਬਜ਼ਾ ਦਿਵਾਉਣ ਵਾਲੀਆਂ ਜਥੇਬੰਦੀਆਂ ਤੇ ਹੀ ਝੂਠੇ ਪਰਚੇ ਦਰਜ ਕਰ ਦਿੱਤੇ ਅਤੇ ਲਗਾਤਾਰ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਕਾਂਗਰਸੀ ਆਗੂ ਦੀ ਸ਼ਹਿ 'ਤੇ ਕਸ਼ਮੀਰ ਲਾਲ ਦੇ ਬੰਦਿਆਂ ਵੱਲੋਂ ਹਾਕਮ ਚੰਦ ਦੇ ਘਰ ਨੂੰ ਜਿੰਦਾ ਲਾ ਦਿੱਤਾ ਗਿਆ ਹੈ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਘਰੋਂ ਬੇਘਰ ਕੀਤਾ ਹੋਇਆ ਹੈ ਤੇ ਜੋ ਵੀ ਪਰਿਵਾਰ ਦਾ ਕੋਈ ਮੈਂਬਰ ਘਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਸ਼ਮੀਰ ਲਾਲ ਅਤੇ ਉਸ ਦੇ ਬੰਦਿਆਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਆਗੂਆਂ ਕਿਹਾ ਕਿ ਪ੍ਰਸ਼ਾਸਨ ਹਾਕਮ ਚੰਦ ਦੇ ਘਰ ਦਾ ਜ਼ਿੰਦਾ ਖ਼ੁਲਾਵੇ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰੇ। ਜੇਕਰ ਪ੍ਰਸ਼ਾਸਨ ਨੇ ਅਜਿਹਾ ਨਾ ਕੀਤਾ ਤਾਂ ਔਰਤਾਂ ਆਪ ਜ਼ਿੰਦਾ ਖੋਲ੍ਹਣਗੀਆਂ ਅਤੇ ਜੇਕਰ ਔਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਲਵਪ੍ਰੀਤ ਕੌਰ ਹਰੀ ਵਾਲਾ, ਰਾਜਵੀਰ ਕੌਰ ਕੋਟਲਾ, ਪਵਨ, ਸਤਪਾਲ ਕੌਰ, ਮੋਨਿਕਾ, ਸੱਚ ਕਿਰਨ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।