ਗੁਰੂਹਰਸਹਾਏ ਦੇ ਵਕੀਲਾਂ ਨੂੰ ਵਪਾਰ ਮੰਡਲ ਨੇ ਦਿੱਤੀ ਹਮਾਇਤ
ਗੁਰੂਹਰਸਹਾਏ, 2 ਮਈ (ਪਰਮਪਾਲ ਗੁਲਾਟੀ)- ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਮਾਹਮੂਜੋਈਆ ਸਰਕਲ ਦੇ 44 ਪਿੰਡਾਂ ਦੇ ਨਾਲ-ਨਾਲ ਸਮੂਹ ਥਾਣਾ ਅਮੀਰ ਖਾਸ ਨੂੰ ਜਿਲ੍ਹਾ ਫਾਜਿਲਕਾ ਨਾਲ ਜੋੜ ਦਿੱਤਾ ਗਿਆ, ਜਿਸ ’ਤੇ ਗੁਰੂਹਰਸਹਾਏ ਦੇ ਸਮੂਹ ਵਕੀਲ ਭਾਈਚਾਰੇ ਵਲੋਂ ਤਿੱਖਾ ਵਿਰੋਧ ਕਰਦਿਆ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਕੀਲਾਂ ਵਲੋਂ ਹੜ੍ਹਤਾਲ ਕਰਦਿਆ ਸਿਆਸੀ ਆਗੂਆਂ ਨਾਲ ਵੀ ਗੱਲਬਾਤ ਵੀ ਕੀਤੀ ਗਈ।
ਵਕੀਲਾਂ ਵਲੋਂ ਜਾਰੀ ਇਸ ਰੋਸ ਵਿਚ ਗੁਰੂਹਰਸਹਾਏ ਵਪਾਰ ਮੰਡਲ ਨੇ ਵੀ ਆਪਣੀ ਹਿਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਪਾਰ ਮੰਡਲ ਗੁਰੂਹਰਸਹਾਏ ਵਲੋਂ ਪ੍ਰਧਾਨ ਸਤਵਿੰਦਰ ਭੰਡਾਰੀ ਅਤੇ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਵਲੋਂ ਪ੍ਰਧਾਨ ਰੋਜੰਤ ਮੋਂਗਾ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਵਪਾਰ ਮੰਡਲ ਗੁਰੂਹਰਸਹਾਏ ਦੇ ਪ੍ਰਧਾਨ ਸਤਵਿੰਦਰ ਭੰਡਾਰੀ ਨੇ ਵਕੀਲਾਂ ਨੂੰ ਆਪਣੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਸਤਵਿੰਦਰ ਭੰਡਾਰੀ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਚਾਹੇ ਵਪਾਰ ਮੰਡਲ ਵਲੋਂ ਹੜ੍ਹਤਾਲ ਵੀ ਕਰਨੀ ਪਈ ਤਾਂ ਉਹ ਪਿੱਛੇ ਨਹੀਂ ਹਟਨਗੇ। ਉਹਨਾਂ ਕਿਹਾ ਕਿ ਜਦੋਂ ਤੱਕ ਥਾਣਾ ਅਮੀਰ ਖਾਸ ਨੂੰ ਵਾਪਸ ਜਿਲ੍ਹਾ ਫਿਰੋਜ਼ਪੁਰ ਨਾਲ ਨਹੀਂ ਜੋੜਿਆ ਜਾਂਦਾ ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।