ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ” ਵਿਜੈ ਗਰਗ
ਅਜੇ ਕੰਮ ਮੁਕਾ ਬੁਰਕੀ ਮੂੰਹ ਚ ਪਾਉਣ ਹੀ ਲੱਗੀ ਸਾਂ ਕੇ ਗੇਟ ਖੜਕਿਆ
ਬਾਹਰ ਆਈ ਤਾਂ ਦਸਾਂ ਕੂ ਸਾਲਾਂ ਦਾ ਮੁੰਡਾ ਸੀ !
ਪੁੱਛਿਆ ..ਕੀ ਏ ?
ਕਹਿੰਦਾ ਬੀਬੀ ਜੀ ਤੁਹਾਡਾ ਬਗੀਚਾ ਬੜਾ ਗੰਦਾ ਏ ਸਾਫ ਕਰ ਦੇਵਾਂ ?
ਮੈਂ ਆਖਿਆ ਨਹੀਂ ਸਾਡਾ ਮਾਲੀ ਆਉਂਦਾ ਹਫਤੇ ਮਗਰੋਂ ..ਉਸਨੂੰ ਪੈਸੇ ਦਿੰਦੇ ਹਾਂ..ਓਹੀ ਕਰੂ"
ਕਹਿੰਦਾ ਮੈਂ ਪੈਸੇ ਨੀ ਲੈਣੇ ਬੱਸ ਥੋੜਾ ਜਿਹਾ ਖਾਣ ਨੂੰ ਦੇ ਦਿਓ ਕੁਝ "
ਮੈਂਨੂੰ ਤਰਸ ਜਿਹਾ ਆ ਗਿਆ ਤੇ ਆਖਿਆ ਚੱਲ ਕਰ ਦੇ ਫੇਰ…ਉਹ ਖੁਸ਼ ਹੋ ਗਿਆ!
ਪਰ ਉਸਨੂੰ ਆਖਿਆ ਕੇ ਪਹਿਲਾਂ ਰੋਟੀ ਖਾ ਲੈ ਸਫਾਈ ਫੇਰ ਕਰ ਲਵੀਂ"
ਕਹਿੰਦਾ ਨਹੀਂ ਪਹਿਲਾਂ ਕੰਮ ਮੁਕਾ ਲੈਣ ਦਿਓ ਰੋਟੀ ਫੇਰ ਦੇ ਦਿਓ"
ਘੰਟੇ ਕੂ ਮਗਰੋਂ ਹੱਥ ਪੂੰਝਦੇ ਹੋਏ ਨੇ ਫੇਰ ਬਾਰ ਖੜਕਾਇਆ ਤੇ ਦਸਿਆ ਕੇ ਆ ਕੇ ਸਫਾਈ ਦੇਖ ਲੋ"
ਬਾਹਰ ਗਈ ਤਾਂ ਬੜੀ ਹੀ ਵਧੀਆ ਸਫਾਈ ਹੋਈ ਪਈ ਸੀ ..ਬਗੀਚਾ ਪਛਾਣਿਆਂ ਨਹੀਂ ਸੀ ਜਾ ਰਿਹਾ।
ਮੈਂ ਥਾਲੀ ਵਿਚ ਰੋਟੀ ਪਾ ਲਿਆਈ ਪਰ ਅੱਗੋਂ ਆਖਣ ਲੱਗਾ ਕੇ ਖਾਣੀ ਨਹੀਂ ਬਸ ਇਸ ਪਲਾਸਟਿਕ ਦੇ ਡੱਬੇ ਵਿਚ ਪੈਕ ਕਰ ਦੇਵੋ"
ਹੈਰਾਨ ਸਾਂ ਕੇ ਭੁੱਖੇ ਢਿੱਡ ਕੰਮ ਕੀਤਾ ਤੇ ਹੁਣ ਆਖਦਾ ਖਾਣੀ ਨੀ …ਪੁੱਛਿਆ ਪੁੱਤ ਚੱਕਰ ਕੀ ਹੈ ?
ਆਖਣ ਲੱਗਾ ਕਿ ਮਾਂ ਨੂੰ ਮੁਫ਼ਤ ਦਵਾਈ ਤਾਂ ਸਰਕਾਰੀ ਹਸਪਤਾਲ ਚੋਂ ਮਿਲ ਗਈ ਸੀ ਪਰ ਡਾਕਟਰ ਨੇ ਸਾਫ ਸਾਫ ਆਖਿਆ ਸੀ ਕਿ ਦਵਾਈ ਖਾਲੀ ਪੇਟ ਨਹੀਂ ਦੇਣੀ।
ਮੇਰੇ ਹੰਜੂ ਵਗ ਤੁਰੇ ਤੇ ਆਖਿਆ ਪੁੱਤ ਕੱਲ ਤੋਂ ਮੇਰੇ ਘਰ ਦੇ ਅੰਦਰ ਦੀ ਸਫਾਈ ਵੀ ਕਰ ਜਾਇਆ ਘੰਟਾ ਕੂ… ਰੋਟੀ ਤੇਰੀ ਮੈਂ ਪੈਕ ਕਰ ਦੀਆ ਕਰੂੰ "
ਨਾਲ ਹੀ ਪਿੱਛੇ ਜਿਹੇ ਪੂਰੇ ਹੋ ਗਏ ਬਾਪੂ ਹੋਰਾਂ ਦੇ ਆਖੇ ਬੋਲ ਚੇਤੇ ਆ ਗਏ ਕਿ ਪੁੱਤ "ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ"
ਸੋ ਵੇਹਲੜ ਬਾਬਿਆਂ ਅਤੇ ਮੰਗਤਿਆਂ ਬਾਰੇ ਤੇ ਕੁਝ ਨੀ ਕਹਿ ਸਕਦਾ ਪਰ ਇਹੋ ਜਿਹਿਆਂ ਵਕਤ ਹੱਥੋਂ ਮਜਬੂਰ ਹੋਇਆਂ ਦੀ ਏਦਾਂ ਮੱਦਦ ਜਰੂਰ ਕਰ ਦਿਆ ਕਰੋ।