Ferozepur News

ਖੁਦ ਬੇੜੀ ਵਿੱਚ ਸਵਾਰ ਹੋਕੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਪਹੁੰਚੇ ਕੈਬਨਿਟ ਮੰਤਰੀ

ਸਰਹੱਦੀ ਇਲਾਕੇ ਦੇ ਸਕੂਲਾਂ ਸਮੇਤ ਜ਼੍ਹਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ

  • ਵਿਦਿਅੱਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾਈਆਂ – ਹਰਜੋਤ ਸਿੰਘ ਬੈਂਸ
  • ਖੁਦ ਬੇੜੀ ਵਿੱਚ ਸਵਾਰ ਹੋਕੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਪਹੁੰਚੇ ਕੈਬਨਿਟ ਮੰਤਰੀ
  • ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਨਾਲ ਹੋਇਆ ਸੁਧਾਰ, ਦਾਖਲੇ ਵਿਚ ਹੋਇਆ ਵਾਧਾ
  • ਸਰਹੱਦੀ ਇਲਾਕੇ ਦੇ ਸਕੂਲਾਂ ਸਮੇਤ ਜ਼੍ਹਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ

ਖੁਦ ਬੇੜੀ ਵਿੱਚ ਸਵਾਰ ਹੋਕੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਪਹੁੰਚੇ ਕੈਬਨਿਟ ਮੰਤਰੀ

ਫਿਰੋਜ਼ਪੁਰ, 5 ਅਪ੍ਰੈਲ, 2023 ਵਿਦਿਅੱਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਵਿਚ ਕਿਸੇ ਤਰ੍ਹਾ ਦੀ ਕੋਈ ਦਿੱਕਤ ਨਾ ਆਵੇ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਿੱਖਿਆ ਸਹੂਲਤਾਂ ਦਾ ਹਾਲ ਜਾਣਨ ਲਈ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਸਮੇਤ ਹੋਰ ਕਈ ਸਰਕਾਰੀ ਦੌਰਾ ਕਰਨ ਮੌਕੇ ਕੀਤਾ।

 

ਇਸ ਦੌਰਾਨ ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਪਹਿਲਾਂ ਸਤਲੁਜ ਦਰਿਆ ਤੇ ਸਥਿਤ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਖੁਦ ਬੇੜੀ ਵਿਚ ਸਵਾਰ ਹੋ ਕੇ ਸਕੂਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦੇਰ ਪਹਿਲਾ ਪੱਤਾ ਲੱਗਾ ਸੀ ਕਿ ਪਿੰਡ ਕਾਲੂ ਵਾਲਾ ਦੀਆਂ ਦੌ ਵਿਦਿਆਰਥਣਾਂ ਰੋਜਾਨਾ ਬੇੜੀ ਵਿਚ ਸਵਾਰ ਹੋ ਕੇ ਸਕੂਲ ਜਾਂਦੀਆਂ ਹਨ ਅਤੇ ਇਸ ਪਿੰਡ ਦੇ ਲੋਕ ਵੀ ਸ਼ਹਿਰ ਜਾਂ ਹੋਰ ਪਿੰਡ ਜਾਣ ਲਈ ਇਸ ਬੇੜੀ ਦਾ ਸਹਾਰਾ ਲੈਂਦੇ ਹਨ। ਜਿਸ ਕਰ ਕੇ ਅੱਜ ਉਹ ਖੁਦ ਇੱਥੇ ਇਸ ਚੀਜ ਨੂੰ ਸਮਝਨ ਅਤੇ ਦੇਖਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੜਾਨ ਲਈ ਜੋ ਰੋਜਾਨਾ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਥੋਂ ਦੇ ਲੋਕਾਂ ਦੀ ਇਸ ਦਰਿਆ ਤੇ ਜੋ ਪੁੱਲ ਬਣਾਉਣ ਮੰਗ ਹੈ ਉਹ ਬਿਲਕੁਲ ਜਾਇਜ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਕਾਰੀਆਂ ਤੋਂ ਇਸ ਪੁੱਲ ਦਾ ਅੰਦਾਜਾ ਤਿਆਰ ਕਰ ਵਾ ਕੇ ਲੈ ਕੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਸ੍ਰ; ਭਗਵੰਤ ਸਿੰਘ ਮਾਨ ਅੱਗੇ ਇਹ ਗੱਲ ਰੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡ ਟੇਂਡੀ ਵਾਲਾ, ਗੱਟੀ ਰਹੀਮੇ ਕੇ, ਗੱਟੀ ਰਾਜੋ ਕੇ ਅਤੇ ਝੁੱਗੇ ਹਜ਼ਾਰਾ ਸਿੰਘ ਵਾਲਾ ਦੇ ਸਰਕਾਰੀ ਸਕੂਲਾਂ ਸਮੇਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਫਿਰੋਜ਼ਪੁਰ ਸ਼ਹਿਰ, ਸਰਕਾਰੀ ਸਕੂਲ ਸਤੀਏ ਵਾਲਾ, ਸਰਕਾਰੀ ਪ੍ਰਾਈਮਰੀ ਸਕੂਲ ਮੁੱਦਕੀ, ਸਰਕਾਰੀ ਸਕੂਲ ਲੜਕੀਆਂ ਮੁੱਦਕੀ ਆਦਿ ਦਾ ਦੋਰਾ ਵੀ ਕੀਤਾ। ਦੌਰੇ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਸਕੂਲ ਪ੍ਰਤੀ ਫੀਡਬੈਕ ਲਏ ਅਤੇ ਸਕੂਲ ਦੇ ਸਟਾਫ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਗੱਟੀ ਰਹੀਮੇ ਕੇ ਦੇ ਸਰਕਾਰੀ ਸਕੂਲ ਵਿਚ ਇੰਟਰਲੋਕ ਟਾਈਲਾਂ ਲਗਵਾਉਣ ਲਈ ਆਏ ਫੰਡ ਦੀ ਜਲਦੀ ਵਰਤੋਂ ਕਰ ਕੇ ਟਾਈਲਾਂ ਲਗਵਾਉਣ ਲਈ ਬੀਡੀਪੀਓ ਨੂੰ ਨਿਰਦੇਸ ਦਿੱਤੇ। ਉਨ੍ਹਾਂ ਸਰਕਾਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਧੀਆ ਸਿੱਖਆ ਸਹੂਲਤਾਂ ਅਤੇ ਉਥੇ ਸਕੂਲ ਵਿੱਚ ਕਰਵਾਏ ਗਏ ਕੰਮਾਂ ਲਈ ਸਟਾਫ ਅਤੇ ਸਮਾਜਸੇਵੀਆਂ ਵੱਲੋਂ ਸਕੂਲ ਵਿਚ ਪਾਏ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਵੱਲੋਂ ਪਿੰਡ ਟੇਂਡੀਵਾਲਾ ਦੇ ਸਰਕਾਰੀ ਸਕੂਲ ਨੂੰ ਨਵੇਂ ਕਮਰੇ ਲਈ 2 ਲੱਖ ਅਤੇ ਸਰਕਾਰੀ ਸਕੂਲ ਲੜਕੀਆਂ ਮੁੱਦਕੀ ਨੂੰ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਜਿੱਥੇ ਵੀ ਸਰਕਾਰੀ ਸਕੂਲਾਂ ਵਿੱਚ ਨਵੇਂ ਕਮਰੇ ਬਣਾਉਣ, ਇੰਟਰਲੋਕ ਟਾਈਲਾਂ ਲਗਾਉਣ, ਚਾਰਦੀਵਾਰੀਆਂ ਕਰਵਾਉਣ ਦੀ ਲੋੜ ਹੈ ਉਸ ਲਈ ਫੰਡ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਵੱਲੋਂ ਸਕੂਲਾਂ ਵਿਖੇ ਦਿੱਤੇ ਜਾ ਰਹੇ ਮਿੱਡ ਡੇ ਮੀਲ ਨੂੰ ਵੀ ਖਾ ਕੇ ਚੈੱਕ ਕੀਤਾ ਗਿਆ।

ਉਨ੍ਹਾ ਦੱਸਿਆ ਕਿ ਹੁਣ ਸਰਕਾਰੀ ਸਕੂਲਾਂ ਵਿਚ ਪਹਿਲਾਂ ਨਾਲੋਂ ਕਈ ਗੁਣਾ ਜਿਅਦਾ ਸੁਧਾਰ ਹੈ ਅਤੇ ਇਸ ਸੁਧਾਰ ਨੂੰ ਦੇਖਦਿਆਂ ਹੀ ਅੱਜ ਸਰਕਾਰੀ ਸਕੂਲਾਂ ਦੇ ਦਾਖਲੇ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਸਰਹੱਦੀ ਪਿੰਡਾਂ ਦਾ ਇੱਕ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਹੈ। ਉਨ੍ਹਾਂ ਦੱਸਿਆ ਕਿ  ਹੁਣ ਕਈ ਸਰਕਾਰੀ ਅਧਿਕਾਰੀਆਂ/ਅਧਿਆਪਕਾਂ ਦੇ ਖੁੱਦ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਿੱਖਿਆ ਹੋਰ ਵੱਡੇ ਪੱਧਰ ਤੇ ਸੁੱਧਾਰ ਕੀਤਾ ਜਾਵੇਗਾ ਤਾਂ ਜੋ ਅਫਸਰਾ ਅਤੇ ਆਮ ਲੋਕਾਂ ਦੇ ਬੱਚੇ ਇੱਕੋ ਸਕੂਲ ਵਿਚ ਪੜ ਸਕਣ।

ਉਨ੍ਹਾਂ ਇਹ ਵੀ ਦੱਸਿਆ ਕਿ ਪਿੱਛਲੇ ਸਾਲ ਉਨ੍ਹਾਂ ਵੱਲੋਂ ਕੁੱਝ ਸਕੂਲਾਂ ਦਾ ਦੌਰਾ ਕੀਤਾ ਗਿਆ ਸੀ ਜਿਥੇ ਉਨ੍ਹਾਂ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਸਕੂਲਾਂ ਵਿਚ ਕਿਤਾਬਾਂ ਉਪਲੱਬਧ ਨਹੀਂ ਹਨ,  ਜਿਸ ਕਰ ਕੇ ਇਸ ਸਾਲ ਵਿਦਿਅੱਕ ਸੈਸ਼ਨ ਸ਼ੁਰੁ ਹੋਣ ਤੋਂ ਪਹਿਲਾ ਹੀ ਸੂਬੇ ਦੇ ਸਾਰੇ ਸਕੂਲਾਂ ਵਿਚ ਕਿਤਾਬਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਜੋ ਕਿ ਪਿੱਛਲੀਆਂ ਸਰਕਾਰਾਂ ਦੇ ਸਮੇਂ ਵਿਚ ਅੱਜ ਤੋਂ ਪਹਿਲਾਂ ਕੱਧੇ ਵੀ ਇਸ ਤਰ੍ਹਾਂ ਨਹੀਂ ਹੋਇਆ।

ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਕਿਉਂਕਿ ਹੁਣ ਸਰਕਾਰੀ ਸਕੂਲਾਂ ਵਿਚ ਕਾਫੀ ਬਦਲਾਅ ਹੋ ਚੁੱਕਿਆ ਹੈ ਅਤੇ ਪੜਾਈ ਅਤੇ ਬੁਨਿਆਦੀ ਢਾਂਚੇ ਵਿਚ ਪੂਰਾ ਸੁਧਾਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਰਕਾਰੀ ਸਕੂਲ ਤਿਆਰ ਕੀਤੇ ਜਾਣਗੇ ਜਿੱਥੇ ਪੂਰਾ ਸਟਾਫ ਹੋਵੇਗਾ, ਵੱਖ ਵੱਖ ਗਤੀਵਿਧੀਆਂ/ਖੇਡਾਂ ਦੇ ਕੌਚ ਹੋਣਗੇ, ਪ੍ਰਿੰਸੀਪਲ ਵਿਦੇਸ਼ਾਂ ਤੋਂ ਟਰੇਨਿੰਗ ਲੈ ਕੇ ਆਉਣਗੇ, ਬਿਜਨਸ ਕਲਾਸਾਂ ਲਗਾਈਆਂ ਜਾਣਗੀਆਂ ਜਿਸ ਦਾ ਮਤਲਬ ਹੈ ਕਿ ਉਹ ਪ੍ਰਾਈਵੇਟ ਸਕੁਲਾਂ ਨੂੰ ਮਾਤ ਦੇਣ ਵਾਲੇ ਸਰਕਾਰੀ ਸਕੂਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਉੱਚ ਮਿਆਰਾਂ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸਦੀ ਪੂਰਤੀ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਰਣਬੀਰ ਸਿੰਘ ਭੁੱਲਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਇਸ ਦੌਰੇ ਦੌਰਾਨ ਬੜੇ ਹੀ ਸਤਕਾਰ ਮਾਨ ਨਾਲ ਵਿਦਿਆਰਥੀਆਂ ਅਤੇ ਸਟਾਫ ਤੋਂ ਸਕੁਲ ਵਿਚ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਲਈ ਹੈ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ। ਉਨ੍ਹਾ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਖੇਤਰ ਵਿਚ ਹੋਰ ਜੋ ਵੀ ਥੋੜੀਆਂ ਬਹੁਤ ਕਮੀਆਂ ਹਨ ਉਨ੍ਹਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਸ੍ਰ: ਫੌਜਾ ਸਿੰਘ ਸਰਾਰੀ ਵੱਲੋਂ ਵੀ ਕੈਬਨਿਟ ਮੰਤਰੀ ਦਾ ਸਕੂਲਾਂ ਵਿਚ ਦੌਰਾ ਕਰਨ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਐਸਡੀਐਮ ਅਰਵਿੰਦ ਪ੍ਰਕਾਸ਼ ਵਰਮਾ, ਤਹਿਸੀਲਦਾਰ ਸੁਖਬੀਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਸਕੈ.) ਕੰਵਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਸੁਖਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸਕੈ.) ਪ੍ਰਗਟ ਸਿੰਘ,  ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਰਾਜੀਵ ਛਾਬੜਾ, ਪ੍ਰਿੰਸੀਪਲ ਸਰਕਾਰੀ ਸਕੂਲ ਗੱਟੀ ਰਾਜੋ ਕੇ ਨੈਸ਼ਨਲ ਐਵਾਰਡੀ ਡਾ. ਸਤਿੰਦਰ ਸਿੰਘ, ਪ੍ਰਿੰਸੀਪਲ ਸਰਕਾਰੀ ਸਕੂਲ ਲੜਕੇ ਫਿਰੋਜ਼ਪੁਰ ਰਾਜੇਸ਼ ਮਹਿਤਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button