ਕੋਵਿਡ19 ਬਾਰੇ ਸਹੀ ਜਾਣਕਾਰੀ ਲਈ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਫ਼ੋਨ ‘ਤੇ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ- ਡਿਪਟੀ ਕਮਿਸ਼ਨਰ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਬਾਰੇ ਕੀਤਾ ਜਾ ਰਿਹਾ ਜਾਗਰੂਕ
ਫਿਰੋਜ਼ਪੁਰ 10 ਜੂਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੇ ਜਿੱਤ ਪਾਉਣ ਦੇ ਮਕਸਦ ਨਾਲ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸਾਰਿਆਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਮਿਸ਼ਨ ਫ਼ਤਿਹ ਵਿਚ ਸਹਿਯੋਗ ਕਰਦ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸਹੀ ਜਾਣਕਾਰੀ ਹਾਸਲ ਕਰਨ ਲਈ ਹਰ ਵਿਅਕਤੀ ਆਪਣੇ ਮੋਬਾਇਲ ਵਿੱਚ ਕੋਵਾ ਐਪ ਜ਼ਰੂਰ ਡਾਊਨਲੋਡ ਕਰੇ। ਉਨ੍ਹਾਂ ਕਿਹਾ ਕਿ ਕੋਵਾ ਐਪ ਰਾਹੀਂ ਅਸੀਂ ਕੋਰੋਨਾ ਵਾਇਰਸ ਸਬੰਧੀ ਸਹੀ ਜਾਣਕਾਰੀ ਹਾਸਲ ਕਰ ਕੇ ਇਸ ਵਾਇਰਸ ਤੋਂ ਬਚਣ ਪ੍ਰਤੀ ਜਾਗਰੂਕ ਹੋ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਟੀਮਾਂ ਵੱਲੋਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਵਿਡ19 ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਾ ਐਪ ਉੱਪਰ ਸਰਕਾਰੀ ਤੌਰ ‘ਤੇ ਕੋਰੋਨਾ ਵਾਇਰਸ ਦੀ ਸਹੀ ਜਾਣਕਾਰੀ ਉਪਲੱਬਧ ਹੁੰਦੀ ਹੈ ਅਤੇ ਇਸ ਐਪ ਜ਼ਰੀਏ ਕਿਸੇ ਵੀ ਮੈਡੀਕਲ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਫ਼ੋਨ ਉੱਪਰ ਪਲੇਅ ਸਟੋਰ ਰਾਹੀਂ ਡਾਊਨਲੋਡ ਹੋ ਜਾਂਦੀ ਹੈ ਅਤੇ ਇਸ ਰਾਹੀਂ ਕੋਰੋਨਾ ਵਾਇਰਸ ਤੋਂ ਬਚਣ ਦੇ ਬਹੁਤ ਪ੍ਰਭਾਵਸ਼ਾਲੀ ਢੰਗ ਤਰੀਕੇ ਪਤਾ ਲੱਗਦੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨਾਂ ਉੱਪਰ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ ਤਾਂ ਜੋ ਅਸੀਂ ਕੋਰੋਨਾ ਵਾਇਰਸ ਸਬੰਧੀ ਅੱਪਡੇਟ ਰਹਿ ਕੇ ਆਪਣੇ ਆਪ ਤੇ ਹੋਰਨਾਂ ਨੂੰ ਵੀ ਇਸ ਵਾਇਰਸ ਤੋਂ ਬਚਾ ਸਕੀਏ।