ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਕਰੀਬ 42 ਲੱਖ ਦੇ ਚੈੱਕ ਪੰਚਾਇਤਾਂ ਨੂੰ ਵੰਡੇ
ਪਿੰਡ ਲਾਲਚੀਆਂ ਵਿਖੇ ਬਣੇ ਨਵੇਂ ਪਾਰਕ ਦਾ ਕੀਤਾ ਰਸਮੀ ਉਦਘਾਟਨ, ਹੋਰਨਾਂ ਪਿੰਡਾਂ ਨੂੰ ਵੀ ਪਿੰਡ ਲਾਲਚੀਆਂ ਤੋਂ ਪ੍ਰੇਰਿਤ ਹੋ ਕੇ ਕੰਮ ਕਰਨ ਲਈ ਕਿਹਾ
ਫਿਰੋਜ਼ਪੁਰ 22 ਜੂਨ ਕੈਬਨਿਟ ਮੰਤਰੀ (ਯੁਵਕ ਸੇਵਾਵਾਂ ਤੇ ਖੇਡਾਂ) ਸ੍ਰ: ਰਾਣਾ ਗੁਰਮਤੀ ਸਿੰਘ ਵੱਲੋਂ ਸੋਮਵਾਰ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਪਿੰਡਾਂ ਦੇ ਵਿਕਾਸ ਲਈ ਪਿੰਡ ਦੀਆਂ ਪੰਚਾਇਤਾਂ ਨੂੰ ਕਰੀਬ 42 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ। ਕੈਬਨਿਟ ਮੰਤਰੀ ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਲਕੇ ਵਿਚ ਪਿੰਡਾਂ ਦੇ ਵਿਕਾਸ ਲਈ ਫ਼ੰਡਾਂ ਵਿਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਸਾਰਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਬਿਮਾਰੀ ਪ੍ਰਤੀ ਸਾਵਧਾਨੀਆਂ ਵਰਤ ਕੇ ਸਾਨੂੰ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿਚ ਕੁੱਝ ਦੇਰੀ ਜ਼ਰੂਰ ਹੋਈ ਹੈ ਪਰ ਵਿਕਾਸ ਦੇ ਕੰਮਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਫ਼ੰਡ ਲਿਆਂਦੇ ਜਾ ਰਹੇ ਹਨ।
ਕੈਬਨਿਟ ਮੰਤਰੀ ਸ੍ਰ: ਰਾਣਾ ਸੋਢੀ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਪਿੰਡ ਕਰੀਕਲਾਂ ਦੀ ਗ੍ਰਾਮ ਪੰਚਾਇਤ ਨੂੰ 5. 38 ਲੱਖ ਰੁਪਏ, ਪਿੰਡ ਲੱਖੋਂ ਕੇ ਬਹਿਰਾਮ ਦੀ ਪੰਚਾਇਤ ਨੂੰ 13.84 ਲੱਖ, ਪਿੰਡ ਹਾਮਦ ਦੀ ਪੰਚਾਇਤ ਨੂੰ 6.20 ਲੱਖ ਰੁਪਏ, ਪਿੰਡ ਲਾਲਚੀਆਂ ਦੀ ਗ੍ਰਾਮ ਪੰਚਾਇਤ ਨੂੰ 9 ਲੱਖ ਰੁਪਏ, ਪਿੰਡ ਗੁਦੜਢੰਡੀ ਦੀ ਪੰਚਾਇਤ ਨੂੰ 6.82 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਖੇਡ ਮੈਦਾਨਾਂ/ਜਿੰਮਾਂ, ਗਲੀਆਂ/ਸੜਕਾਂ ਦੀ ਮੁਰੰਮਤ, ਛੱਪੜਾਂ ਦੀ ਸਫ਼ਾਈ, ਸੋਲਰ ਲਾਈਟਾਂ, ਇੰਟਰਲੋਕਿੰਮ, ਸੋਲਰ ਲਾਈਟਾਂ ਆਦਿ ਕੰਮਾਂ ਤੇ ਲੋੜ ਅਨੁਸਾਰ ਪਿੰਡਾਂ ਵਿਚ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਮ ਸ਼ੁਰੂ ਹੋਣ ਉਪਰੰਤ ਇਨ੍ਹਾਂ ਕੰਮਾਂ ਲਈ ਹੋਰ ਰਾਸ਼ੀ ਵੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਲਗਾਤਾਰ ਫ਼ੰਡ ਲਿਆਂਦੇ ਜਾਣਗੇ।
ਇਸ ਦੌਰਾਨ ਉਨ੍ਹਾਂ ਪਿੰਡ ਲਾਲਚੀਆਂ ਵਿਖੇ ਬਣਾਏ ਗਏ ਨਵੇਂ ਪਾਰਕ ਦਾ ਰਸਮੀ ਉਦਘਾਟਨ ਵੀ ਕੀਤਾ ਤੇ ਪਿੰਡ ਦੇ ਲੋਕਾਂ ਤੇ ਪੰਚਾਇਤ ਨੂੰ ਉਨ੍ਹਾਂ ਵੱਲੋਂ ਕੀਤੇ ਵਧੀਆ ਕੰਮ ਲਈ ਵਧਾਈ ਵੀ ਦਿੱਤੀ। ਉਨ੍ਹਾਂ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡ ਲਾਲਚੀਆਂ ਵਾਂਗ ਵਧੀਆਂ ਕੰਮ ਕਰਨ ਅਤੇ ਆਪਣੇ ਪਿੰਡ ਨੂੰ ਨਿਹਾਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਆਪਸੀ ਲੜਾਈ ਝਗੜੇ ਤੋਂ ਬਾਹਰ ਨਿਕਲ ਕੇ ਪਿੰਡਾਂ ਦੇ ਵਿਕਾਸ ਲਈ ਕੰਮ ਕਰੋ। ਇਸ ਦੌਰਾਨ ਉਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਹੋਰ ਮੰਗਾਂ ਵੀ ਸੁਣੀਆਂ।
ਇਸ ਮੌਕੇ ਕਾਂਗਰਸੀ ਆਗੂ ਅਮ੍ਰਿੰਤਪਾਲ ਸਿੰਘ, ਰਵੀ ਚਾਵਲਾ, ਦਵਿੰਦਰ ਜੰਗ, ਸਿਮਰਨ ਭੰਡਾਰੀ, ਵਿਕੀ ਸਿੱਧੂ, ਸਰਪੰਚ ਕਰੀਕਲਾਂ ਸਾਰਜ ਸਿੰਘ, ਲੱਖੋਂ ਕੇ ਬਹਿਰਾਮ ਕਸ਼ਮੀਰ ਸਿੰਘ, ਹਾਮਦ ਪਿੱਪਲ ਸਿੰਘ, ਲਾਲਚੀਆਂ ਬਾਜ ਸਿੰਘ, ਮੇਜਰ ਸਿੰਘ, ਗੁੱਦੜਢੰਡੀ ਸੁਰਜੀਤ ਸਿੰਘ ਆਦਿ ਹਾਜ਼ਰ ਸਨ।