ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਪੰਜਾਬ ਰਾਜ ਤਲਵਾਰਬਾਜ਼ੀ ਮੁਕਾਬਲੇ ਦੀ ਸ਼ੁਰੂਆਤ
ਵਿਵੇਕਾਨੰਦ ਵਰਲਡ ਸਕੂਲ ਵਿਖੇ 11 ਤੋਂ 13 ਨਵੰਬਰ ਤੱਕ ਹੋਣਗੇ ਮੁਕਾਬਲੇ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 300 ਖਿਡਾਰੀ ਲੈਣਗੇ ਭਾਗ
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਪੰਜਾਬ ਰਾਜ ਤਲਵਾਰਬਾਜ਼ੀ ਮੁਕਾਬਲੇ ਦੀ ਸ਼ੁਰੂਆਤ
ਵਿਵੇਕਾਨੰਦ ਵਰਲਡ ਸਕੂਲ ਵਿਖੇ 11 ਤੋਂ 13 ਨਵੰਬਰ ਤੱਕ ਹੋਣਗੇ ਮੁਕਾਬਲੇ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 300 ਖਿਡਾਰੀ ਲੈਣਗੇ ਭਾਗ
ਫ਼ਿਰੋਜ਼ਪੁਰ, 11 ਨਵੰਬਰ 2022: ਇਥੋਂ ਦੇ ਵਿਵੇਕਾਨੰਦ ਵਰਲਡ ਸਕੂਲ ਵਿਖੇ ਪੰਜਾਬ ਰਾਜ ਤਲਵਾਰਬਾਜ਼ੀ ਮੁਕਾਬਲੇ 2022 ਦਾ ਆਗਾਜ਼ ਹੋਇਆ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 300 ਖਿਡਾਰੀ ਭਾਗ ਲੈਣਗੇ ਅਤੇ ਇਹ ਮੁਕਾਬਲੇ 11 ਤੋਂ 13 ਨਵੰਬੁਰ ਤੱਕ ਚੱਲਣਗੇ। ਪੰਜਾਬ ਦੇ ਕੈਬਨਿਟ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਲਵਾਰਬਾਜ਼ੀ ਦੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਸਰਾਰੀ ਵੀ ਹਾਜ਼ਰ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਵਿੱਚ ਅਜਿਹੇ ਤਲਵਾਰਬਾਜ਼ੀ ਮੁਕਾਬਲੇ ਕਰਵਾਉਣੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਦੇ ਸਨਮਾਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤਾਂ ਜੋ ਇਹ ਚੈਂਪੀਅਨਸ਼ਿਪ ਉਨ੍ਹਾਂ ਦੀ ਜ਼ਿੰਦਗੀ ਭਰ ਲਈ ਅਮਿੱਟ ਛਾਪ ਬਣੀ ਰਹੇ। ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਜ਼ਿਲ੍ਹਾ ਜਿਸ ਨੂੰ ਕਿ ਪਛੜਿਆਂ ਜ਼ਿਲ੍ਹਾ ਕਿਹਾ ਜਾਂਦਾ ਹੈ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਤਲਵਾਰਬਾਜ਼ੀ ਕਰਨ ਵਾਲੇ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਆਪਣੇ ਸਵਾਗਤੀ ਭਾਸ਼ਣ ਵਿੱਚ ਜ਼ਿਲ੍ਹਾ ਫੈਂਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਗੌਰਵ ਸਾਗਰ ਭਾਸਕਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਤਲਵਾਰਬਾਜ਼ੀ ਮੁਕਾਬਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਬੱਚਿਆਂ ਨੂੰ ਬਚਪਨ ਤੋਂ ਹੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ‘ਤੇ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ। ਸਕੂਲ ਦੇ ਡਾਇਰੈਕਟਰ ਡਾ.ਐਸ.ਐਨ.ਰੁਦਰਾ ਨੇ ਦੱਸਿਆ ਕਿ ਪੰਜਾਬ ਰਾਜ ਤਲਵਾਰਬਾਜ਼ੀ ਪ੍ਰਤੀਯੋਗਤਾ 2022 ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿੱਚ 11 ਤੋਂ 13 ਨਵੰਬਰ ਤੱਕ ਹੋਵੇਗੀ ਅਤੇ ਇਸ ਖੇਡ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 300 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਤਲਵਾਰਬਾਜ਼ੀ ਮੁਕਾਬਲੇ ਸਾਲ 2004 ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਫਿਰੋਜ਼ਪੁਰ ਜ਼ਿਲ੍ਹਾ ਇਸ ਖੇਡ ਦਾ ਕੇਂਦਰ ਬਣੇ ਅਤੇ ਵਿਦਿਆਰਥੀਆਂ ਨੂੰ ਅਜਿਹੀ ਵਧੀਆ ਖੇਡ ਲਈ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਾਣ ਲਈ ਮਜਬੂਰ ਨਾ ਹੋਣਾ ਪਵੇ।
ਅੰਤ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੇ ਕਬੂਤਰ ਉਡਾ ਕੇ ਚੈਂਪੀਅਨਸ਼ਿਪ ਦੀ ਸਫਲਤਾ ਦੀ ਕਾਮਨਾ ਕੀਤੀ।
ਇਸ ਮੌਕੇ ਸਕੂਲ ਦੀ ਮੁੱਖ ਸਰਪ੍ਰਸਤ ਸ੍ਰੀਮਤੀ ਪ੍ਰਭਾ ਭਾਸਕਰ, ਜ਼ਿਲ੍ਹਾ ਫੈਂਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਗਗਨਦੀਪ ਸੰਘਾਲ, ਸਮੀਰ ਮਿੱਤਲ, , ਜੁਆਇੰਟ ਸਕੱਤਰ ਸ੍ਰੀ ਦਵਿੰਦਰ ਨਾਥ ਸ਼ਰਮਾ, ਸ. ਬੇਅੰਤ ਸਿੰਘ ਭੁੱਲਰ, ਸ੍ਰੀ ਗੋਲਡੀ ਹੰਸ, ਸ. ਸ਼ਮਿੰਦਰ ਸਿੰਘ ਖਿੰਡਾ, ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਸ. ਚਮਕੌਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ, ਸ਼੍ਰੀ ਰਾਜੀਵ ਕੁਮਾਰ ਛਾਬੜਾ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਸ. ਸੁਖਵਿੰਦਰ ਸਿੰਘ, ਸ. ਜਗਦੀਪ ਸਿੰਘ ਸੰਧੂ, ਸ. ਬੂਟਾ ਸਿੰਘ, , ਸ਼੍ਰੀ ਸੁਨੀਲ ਸ਼ਰਮਾ ਸਾਬਕਾ ਜ਼ਿਲਾ ਖੇਡ ਅਫਸਰ, ਰਜਤ ਅਰੋੜਾ, ਸ਼੍ਰੀ ਵਿਨੋਦ ਸ਼ਰਮਾ, ਸ਼੍ਰੀ ਸਚਿਨ ਸ਼ਰਮਾ, ਸ਼੍ਰੀ ਅਸ਼ੋਕ ਬਹਿਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀ ਹਾਜ਼ਰ ਸਨ।