ਕੁਸ਼ਟ ਆਸ਼ਰਮ ਵਿਚ ਸਾਢੇ ਸੱਤ ਲੱਖ ਰੁਪਏ ਦੀ ਲਾਗਤ ਨਾਲ ਲੱਗਣ ਜਾ ਰਿਹਾ ਹੈ ਸੋਲਰ ਪਾਵਰ ਪ੍ਰੋਜੈਕਟ
ਦਾਨ ਦੇ ਸਿਰ ਤੇ ਪਰਿਵਾਰ ਪਾਲਣ ਵਾਲੇ ਆਸ਼ਰਮ ਵਾਸੀਆਂ ਨੂੰ ਮਿਲੇਗੀ ਬਿਜਲੀ ਬਿੱਲਾਂ ਤੋਂ ਰਾਹਤ : ਵਿਧਾਇਕ ਪਿੰਕੀ
ਫਿਰੋਜ਼ਪੁਰ, 26 ਅਗਸਤ – ਸ਼੍ਰੀ ਅਨੰਦ ਧਾਮ ਕੁਸ਼ਟ ਆਸ਼ਰਮ ਵਿਚ ਸਾਢੇ ਸੱਤ ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਸੋਲਰ ਪਾਵਰ ਨਾਲ ਚੱਲਣ ਵਾਲੀਆਂ ਲਾਈਟਾਂ ਦਾ ਪ੍ਰੋਜੈਕਟ ਲੱਗਣ ਜਾ ਰਿਹਾ ਹੈ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਆਸ਼ਰਮ ਲੋਕਾਂ ਦੇ ਦਾਨ ਦੇ ਸਿਰ ਤੇ ਚੱਲਦਾ ਹੈ ਤੇ ਇੱਥੇ ਕੁਸ਼ਟਾਂ ਦੇ ਕਰੀਬ 60 ਪਰਿਵਾਰ ਵੱਖਰੇ ਵੱਖਰੇ ਕੁਆਟਰਾਂ ਵਿਚ ਰਹਿੰਦੇ ਹਨ ਤੇ ਹਰੇਕ ਪਰਿਵਾਰ ਦਾ ਆਪਣਾ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ।
ਉਨਾਂ ਦੱਸਿਆ ਕਿ ਬਿਜਲੀ ਦਾ ਖਰਚ ਬਹੁਤ ਜ਼ਿਆਦਾ ਹੋਣ ਕਾਰਨ ਤੇ ਇਨਾਂ ਪਰਿਵਾਰਾਂ ਦੀ ਆਮਦਨ ਦਾ ਕੋਈ ਸਾਧਨ ਨਾ ਹੋਣ ਕਰਕੇ ਇਨਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਆਸ਼ਰਮ ਵਾਸੀਆਂ ਵੱਲੋਂ ਰੱਖੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆਂ ਕੁਸ਼ਟ ਆਸ਼ਰਮ ਵਿਚ ਸਾਢੇ ਸੱਤ ਲੱਖ ਰੁਪਏ ਦੀ ਲਾਗਤ ਦੇ ਨਾਲ ਸੋਲਰ ਲਾਈਟ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜਿਸ ਨਾਲ ਆਸ਼ਰਮ ਵਾਸੀਆਂ ਦੀ ਬਿਜਲੀ ਦੀ ਖਪਤ ਕਾਫੀ ਘਟੇਗੀ ਤੇ ਉਨਾਂ ਦੀ ਆਰਥਿਕਤਾ ਸੁਧਰੇਗੀ।
ਵਿਧਾਇਕ ਪਿੰਕੀ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਇੱਕ ਹੋਰ ਵੱਡਾ ਲਾਭ ਇਹ ਹੋਵੇਗਾ ਕਿ ਸੋਲਰ ਪਾਵਰ ਪ੍ਰੋਜੈਕਟ ਤੋਂ ਬਣੀ ਬਿਜਲੀ ਦੇ ਆਸ਼ਰਮ ਵਿਚ ਉਪਯੋਗ ਹੋਣ ਤੋਂ ਬਾਅਦ ਜੋ ਵਾਧੂ ਬਿਜਲੀ ਬਚ ਜਾਵੇਗੀ, ਉਸ ਨੂੰ ਆਸ਼ਰਮ ਵੱਲੋਂ ਸਰਕਾਰ ਨੂੰ ਵੇਚਿਆ ਜਾ ਸਕਦਾ ਹੈ ਤੇ ਮੁਨਾਫਾ ਖੱਟਿਆ ਜਾ ਸਕਦਾ ਹੈ ਜਿਸ ਨਾਲ ਆਸ਼ਰਮ ਦੇ ਵਿਕਾਸ ਦੇ ਕੰਮ ਕਰਵਾਏ ਜਾ ਸਕਦੇ ਹਨ। ਵਿਧਾਇਕ ਨੇ ਕਿਹਾ ਕਿ ਉਨਾਂ ਦੀ ਸੋਚ ਸਮਾਜ ਦੇ ਹਰ ਵਰਗ ਦਾ ਵਿਕਾਸ ਕਰਨ ਦੀ ਹੈ ਤੇ ਸਮਾਜ ਦੇ ਹਰ ਵਰਗ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।