Ferozepur News

ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਸਮੂਹ ਅਧਿਆਪਕ ਜਥੇਬੰਦੀਆਂ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੂੰ ਮਿਲਿਆ

-ਆਰਜ਼ੀ ਪ੍ਰਬੰਧਾਂ ਦੇ ਆਧਾਰ ਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਦੀ ਖੱਜਲੀ ਖੁਆਰੀ ਬੰਦ ਕੀਤੀ ਜਾਵੇ: ਅਧਿਆਪਕ ਆਗੂ
-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਵਫਦ ਨੂੰ ਮੰਗਾਂ ਸਬੰਧੀ ਦਿਵਾਇਆ ਭਰੋਸਾ
ਫਿਰੋਜ਼ਪੁਰ: ਅਧਿਆਪਕਾਂ ਦੀਆਂ ਮੁਸ਼ਕਲਾਂ ਸਬੰਧੀ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੀਆਂ ਅਧਿਆਪਕ ਜਥੇਬੰਦੀਆਂ ਐਲੀਮੈਂਟਰੀ ਟੀਚਰਜ਼ ਯੂਨੀਅਨ, ਈਟੀਟੀ ਅਧਿਆਪਕ ਯੂਨੀਅਨ, ਬੀਐਂਡ ਫਰੰਟ ਪੰਜਾਬ ਅਤੇ ਈਟੀਟੀ ਟੈੱਟ ਪਾਸ ਯੂਨੀਅਨ ਦਾ ਵਫਦ ਹਰਜਿੰਦਰ ਸਿੰਘ ਹਾਂਡਾ, ਸੁਖਜਿੰਦਰ ਸਿੰਘ ਖਾਨਪੁਰੀਆ, ਪਰਮਜੀਤ ਸਿੰਘ ਪੰਮਾ, ਗੁਰਜੀਤ ਸਿੰਘ ਸੋਢੀ, ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੂੰ ਮਿਲਿਆ। ਵਫਦ ਨੇ ਅਧਿਆਪਕਾਂ ਦੀਆਂ ਮੁਸ਼ਕਲਾਂ ਬਾਰੇ ਦੱਸਦੇ ਹੋਏ ਉਨ੍ਹਾਂ ਦਾ ਸਾਰਥਿਕ ਹੱਲ ਕੱਢਣ ਲਈ ਜ਼ੋਰ ਪਾਇਆ। ਆਗੂਆਂ ਨੇ ਮੰਗਾਂ ਸਬੰਧੀ ਦੱਸਦਿਆਂ ਆਖਿਆ ਕਿ ਰੈਸ਼ਨੇਲਾਈਜੇਸ਼ਨ ਨੂੰ ਤਰਕਸੰਗਤ ਬਣਾਇਆ ਜਾਵੇ ਅਤੇ ਪੂਰੇ ਜ਼ਿਲ੍ਹੇ ਵਿਚ ਇਕ ਵਾਰ ਹੀ ਆਰਟੀਈ ਐਕਟ ਨਿਯਮਾਂ ਨੂੰ ਧਿਆਨ ਰੱਖਦੇ ਹੋਏ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਆਰਜ਼ੀ ਪ੍ਰਬੰਧਾਂ ਦੇ ਆਧਾਰ ਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਦੀ ਖੱਜਲੀ ਖੁਆਰੀ ਬੰਦ ਕੀਤੀ ਜਾਵੇ ਅਤੇ ਲਗਾਈਆਂ ਡਿਊਟੀਆਂ ਰੱਦ ਕੀਤੀਆਂ ਜਾਣ। ਅਧਿਆਪਕ ਆਗੂਆਂ ਨੇ ਆਖਿਆ ਕਿ ਬਦਲੀਆਂ ਬਣਦੇ ਨਿਯਮਾਂ ਅਨੁਸਾਰ ਕੀਤੀਆਂ ਜਾਣ ਅਤੇ ਉਨ੍ਹਾਂ ਬੀਐੱਲਓ ਡਿਊਟੀਆਂ ਬਾਰੇ ਗੱਲ ਕਰਦਿਆਂ ਆਖਿਆ ਕਿ ਬੀਐੱਲਓ ਦੀ ਡਿਊਟੀ ਵੱਖ ਵੱਖ ਵਿਭਾਗਾਂ ਦੇ ਬਣਦੇ ਕੋਟੇ ਅਨੁਸਾਰ ਕੀਤੀ ਜਾਵੇ ਅਤੇ ਬੀਐੱਲਓ ਡਿਊਟੀ ਕਰ ਰਹੇ ਅਧਿਆਪਕਾਂ ਨੂੰ 30 ਨਵੰਬਰ 2017 ਤੱਕ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ। ਮੰਗਾਂ ਸਬੰਧੀ ਉਨ੍ਹਾਂ ਆਖਿਆ ਕਿ ਮਿਡ ਡੇ ਮੀਲ ਤਿਆਰ ਕਰਨ ਲਈ ਅਡਵਾਂਸ ਰਾਸ਼ੀ ਤਿਆਰ ਕੀਤੀ ਜਾਵੇ ਤਾਂ ਜੋ ਸਕੂਲਾਂ ਵਿਚ ਬੰਦ ਪਿਆ ਮਿਡ ਡੇ ਮੀਲ ਚਾਲੂ ਕੀਤਾ ਜਾਵੇ। ਉਨ੍ਹਾਂ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਘੱਟ ਰਹੀ ਗਿਣਤੀ ਦੀ ਘੋਖ ਕਰਨ ਅਤੇ ਗਿਣਤੀ ਨੂੰ ਵਧਾਉਣ ਬਾਰੇ ਸਾਰਥਿਕ ਹੱਲ ਕੱਢਣ ਦੀ ਵੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਸਬੰਧੀ ਪਾਲਸੀ, ਹਦਾਇਤਾਂ ਨੂੰ ਸਪਸ਼ਟ ਰੂਪ ਵਿਚ ਜਾਰੀ ਕੀਤਾ ਜਾਵੇ ਅਤੇ ਬੱਚਿਆਂ ਦੇ ਬੈਠਣ ਲਈ ਕਮਰਿਆਂ ਅਤੇ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰਮੀਤ ਸਿੰਘ, ਮੇਹਰਦੀਪ ਸਿੰਘ, ਹਰਜੀਤ ਸਿੰਘ ਸਿੱਧੂ, ਮਹਿੰਦਰ ਸਿੰਘ ਸ਼ੈਲੀ, ਸੁਖਵਿੰਦਰ ਸਿੰਘ ਭੁੱਲਰ, ਜੀਵਨ ਸ਼ਰਮਾ, ਬਲਕਾਰ ਸਿੰਘ ਗਿੱਲ, ਗੁਰਬਚਨ ਭੁੱਲਰ, ਕਾਰਜ ਸਿੰਘ ਮਮਦੋਟ, ਗੁਰਪ੍ਰੀਤ ਸਿੰਘ ਭਾਵੜਾ, ਕਸ਼ਮੀਰ ਸਿੰਘ, ਦਿਲਜੀਤ ਸਿੰਘ ਮਹਾਲਮ, ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ ਮੁੱਤੀ, ਕੁਲਦੀਪ ਸਿੰਘ ਔਲਖ, ਗੁਰਜਿੰਦਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਵਿਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।

Related Articles

Back to top button