ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 11 ਦਸੰਬਰ ਨੂੰ ਦਿੱਲੀ ਜਾਣ ਲਈ ਵੱਡੇ ਪੱਧਰ ਤੇ ਕੀਤੀਆਂ ਤਿਆਰੀਆਂ
ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਨਾ ਹੋਣ ਤੱਕ ਸੰਘਰਸ਼ਾਂ ਦੇ ਮੈਦਾਨ ਵਿੱਚ ਡਟੇ ਰਹਿਣ ਦਾ ਐਲਾਨ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜ਼ੋਨਾਂ ਵਿਚ ਮੀਟਿੰਗਾਂ ਕਰਕੇ 11 ਦਸੰਬਰ ਨੂੰ ਦਿੱਲੀ ਜਾਣ ਲਈ ਵੱਡੇ ਪੱਧਰ ਤੇ ਕੀਤੀਆਂ ਤਿਆਰੀਆਂ, ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਨਾ ਹੋਣ ਤੱਕ ਸੰਘਰਸ਼ਾਂ ਦੇ ਮੈਦਾਨ ਵਿੱਚ ਡਟੇ ਰਹਿਣ ਦਾ ਐਲਾਨ
ਫਿਰੋਜ਼ਪੁਰ, 2.12. 2020: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੇ ਖੇਤੀ ਸੰਬੰਧੀ ਲਿਆਂਦੇ ਆਰਡੀਨੈਂਸ, ਬਿਜਲੀ ਸੋਧ ਬਿੱਲ2 020, ਹਵਾ, ਪ੍ਰਦੂਸ਼ਣ ਐਕਟ ਜਿਹੇ ਲਿਆਂਦੇ ਹੋਏ ਕਿਸਾਨ ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜ਼ੋਨਾਂ ਵਿਚ ਮੀਟਿੰਗਾਂ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 11 ਦਸੰਬਰ ਨੂੰ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਤੇ ਬੱਚੇ ਟਰਾਲੀਆਂ ਲੈ ਕੇ ਸ਼ਾਮਲ ਹੋਣਗੇ।
ਇਸ ਸਬੰਧੀ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਜੋ ਤਾਨਾਸ਼ਾਹੀ ਰਵੱਈਆ ਅਪਣਾ ਕੇ ਕਾਰਪੋਰੇਟ ਘਰਾਣਿਆਂ ਅੰਬਾਨੀਆਂ, ਅਡਾਨੀਆਂ ਦੇ ਹੱਕ ਵਿਚ ਫੈਸਲੇ ਕਰਕੇ ਦੇਸ਼ ਦੀ ਆਵਾਮ ਨੂੰ ਇਨ੍ਹਾਂ ਕਾਰਪੋਰੇਟਰਾਂ ਦੇ ਗੁਲਾਮ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਇਨ੍ਹਾਂ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਵੱਖ ਵੱਖ ਥਾਵਾਂ ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਆਖਿਆ ਕਿ ਮੋਦੀ ਸਰਕਾਰ ਜਾਣ ਬੁੱਝ ਕੇ ਮਸਲਿਆਂ ਦਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਵਾਰ ਵਾਰ ਸਿਰਫ਼ ਪੰਜਾਬ ਦੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਮੀਟਿੰਗਾਂ ਕਰਕੇ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਜਦ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਇਨ੍ਹਾਂ ਮਸਲਿਆਂ ਦਾ ਠੋਸ ਹੱਲ ਕਰਕੇ ਕਿਸਾਨ ਮਾਰੂ ਲਿਆਂਦੇ ਖੇਤੀ ਸਬੰਧੀ ਆਰਡੀਨੈਂਸ ਤੁਰੰਤ ਰੱਦ ਕੀਤਾ ਜਾਵੇ ਤੇ ਕਿਸਾਨਾਂ ਉੱਤੇ ਅੰਦੋਲਨ ਦੌਰਾਨ ਕੀਤੇ ਜਾ ਰਹੇ ਹਰਿਆਣਾ ਦੀ ਖੱਟਰ ਸਰਕਾਰ ਤੇ ਦਿੱਲੀ ਪੁਲੀਸ ਵੱਲੋਂ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਰੀਡ ਦੀ ਹੱਡੀ ਸਮਝੇ ਜਾਂਦੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਦਖ਼ਲ ਦੇ ਕੇ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਕਿਸਾਨ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਣਗੇ ਤੇ ਵਾਰ ਵਾਰ ਮੀਟਿੰਗਾਂ ਦੇ ਕੇ ਟਾਈਮ ਜ਼ਾਇਆ ਨਹੀਂ ਕਰਨਾ ਚਾਹੀਦਾ। ਕਿਸਾਨ ਮਜ਼ਦੂਰ ਜਥੇਬੰਦੀ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵਾਰੀ ਵਾਰੀ ਵੱਡੇ ਜਥਿਆਂ ਦੇ ਰੂਪ ਵਿਚ ਵੱਡੇ ਕਾਫਲੇ ਭੇਜੇਗੀ ਤੇ ਇਨ੍ਹਾਂ ਅਾਰਡੀਨੈਂਸਾਂ ਦੇ ਰੱਦ ਨਾਂਹ ਹੋਣ ਤੱਕ ਸੰਘਰਸ਼ ਨੂੰ ਖ਼ਤਮ ਨਹੀਂ ਕਰੇਗੀ।