ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੰਮ੍ਰਿਤਸਰ ਤੋਂ ਸੈਂਕੜੇ ਟਰਾਲੀਆਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਕਾਫ਼ਲਾ ਪਹੁੰਚਿਆ ਸ਼ੰਭੂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੰਮ੍ਰਿਤਸਰ ਤੋਂ ਸੈਂਕੜੇ ਟਰਾਲੀਆਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਕਾਫ਼ਲਾ ਪਹੁੰਚਿਆ ਸ਼ੰਭੂ
ਫਿਰੋਜ਼ਪੁਰ/ਸ਼ੰਭੂ, ਜਨਵਰੀ 30, 2025: : ਦਿੱਲੀ ਅੰਦੋਲਨ 2 ਨੂੰ ਚਲਦੇ ਸਾਲ ਪੂਰਾ ਹੋਣ ਜਾ ਰਿਹਾ ਹੈ, ਜਿਸ ਦੇ ਚਲਦੇ ਸ਼ੰਭੂ ਮੋਰਚੇ ਨੂੰ ਹੋਰ ਮਜਬੂਤ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸਵੇਰੇ ਸੁਵਖਤੇ ਬਿਆਸ ਪੁਲ ਤੋਂ ਰਵਾਨਾ ਹੋਇਆ ਹਜ਼ਾਰਾਂ ਕਿਸਾਨਾਂ ਮਜਦੂਰਾਂ ਦਾ ਜਥਾ ਸੈਕੜੇ ਟਰੈਕਟਰ ਟਰਾਲੀਆਂ ਦੇ ਕਾਫ਼ਲਾ ਦੇ ਰੂਪ ਵਿੱਚ ਬਾਅਦ ਦੁਪਹਿਰ ਸ਼ੰਭੂ ਬਾਰਡਰ ਮੋਰਚੇ ਤੇ ਪਹੁੰਚਿਆ, ਜਥੇਬੰਦੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ।
ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਹੀ ਬਿਆਸ ਪੁਲ ਨਜ਼ਦੀਕ ਕਿਸਾਨ ਮਜ਼ਦੂਰ ਇੱਕਠੇ ਹੋਣਾ ਸ਼ੁਰੂ ਹੋਏ ਸਨ ਅਤੇ ਇਹ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ ਅਤੇ ਸਵੇਰੇ 8 ਵਜੇ ਦੇ ਲਗਭਗ ਕਾਫ਼ਲਾ ਰਵਾਨਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਬੀ ਕੇ ਯੂ ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਵਿੱਚ ਜਲੰਧਰ ਕੋਲ ਨੰਗਲ ਸਪਰੋੜ ਵਿਖੇ ਕਿਸਾਨਾਂ ਮਜਦੂਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਜ ਦਾ ਕਾਫ਼ਲਾ ਸਰਕਾਰ ਜਾਂ ਮੋਰਚੇ ਪ੍ਰਤੀ ਉਦਾਸੀਨ ਨਜ਼ਰੀਆ ਰੱਖਣ ਵਾਲੇ ਸਰਕਾਰ ਦੇ ਪੱਖ ਚ ਭੁਗਤਣ ਵਾਲੇ ਤਥਾਕਥਿਤ ਬੁੱਧੀਜੀਵੀਆਂ ਦੇ ਭਰਮ ਦੂਰ ਕਰਨ ਦਾ ਕੰਮ ਕਰੇਗਾ। ਕਾਫ਼ਲਾ ਰਾਜਪੁਰਾ ਪਹੁੰਚਣ ਤੇ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਅਤੇ ਤੇਜਬੀਰ ਸਿੰਘ ਪੰਜੋਖਰਾ ਸਾਬ੍ਹ ਨੇ ਸਿਰੋਪਾ ਦੇ ਕੇ ਆਗੂਆਂ ਦਾ ਸਨਮਾਨ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਮੋਰਚੇ ਬਾਰੇ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਿਰਫ 2 ਜਥੇਬੰਦੀਆਂ ਦਾ ਹੈ, ਜਿਸ ਬਿਰਤਾਂਤ ਨੂੰ ਮੋਰਚੇ ਨੇ ਜੰਮਣ ਨਹੀਂ ਦਿੱਤਾ, ਫਿਰ ਕਿਹਾ ਗਿਆ ਕਿ ਪੂਰਾ ਪੰਜਾਬ ਅੰਦੋਲਨ ਨਾਲ ਨਹੀਂ, ਇਸ ਬਿਰਤਾਂਤ ਦੀ ਪੂਰੇ ਪੰਜਾਬ ਨੇ 30 ਦੇ ਬੰਦ ਨਾਲ ਹਵਾ ਕੱਢ ਦਿੱਤੀ। ਉਹਨਾਂ ਨੇ ਅੰਮ੍ਰਿਤਸਰ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਪਿੱਛੇ ਸਮਾਜ ਨੂੰ ਤੋੜਨ ਵਾਲੀਆਂ ਤਾਕਤਾਂ ਕੰਮ ਕਰਦੀਆਂ ਹਨ, ਉਹਨਾਂ ਸ਼ੰਕਾ ਜ਼ਾਹਿਰ ਕਰਦੇ ਕਿਹਾ ਭਾਜਪਾ ਸਰਕਾਰ ਦੇ ਅਜਿਹੇ ਹਥਕੰਡੇ ਹੋ ਸਕਦੇ ਹਨ।
ਉਹਨਾਂ ਕੁੰਭ ਮੇਲੇ ਤੇ ਮਚੀ ਭਗਦੜ ਵਿੱਚ ਗਈਆਂ ਜਾਨਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਕਾਫਲੇ ਵਿੱਚ ਕਿਸਾਨਾਂ ਮਜਦੂਰਾਂ ਦੀ ਭਰਵੀਂ ਸ਼ਮੂਲੀਅਤ ਦੇਖ ਕੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣੇ ਹੱਕ ਲਏ ਬਗੈਰ ਮੁੜਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲੈਣ ਅਤੇ ਸਾਰੀਆਂ ਫ਼ਸਲਾਂ ਦੀ ਖਰੀਦ ਐਮ ਐਸ ਪੀ ਤੇ ਕਰਨ ਦਾ ਗਰੰਟੀ ਕਾਨੂੰਨ ਬਣਨ, ਮਜਦੂਰਾਂ ਲਈ ਮਨਰੇਗਾ ਸਕੀਮ ਤਹਿਤ 200 ਦਿਨ ਪ੍ਰਤੀ ਸਾਲ ਕੰਮ ਅਤੇ ਦਿਹਾੜੀ 700 ਰੁਪਏ ਕਰਨ, ਫ਼ਸਲੀ ਬੀਮਾ ਯੋਜਨਾ, ਕਿਸਾਨ ਅਤੇ ਖੇਤ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ ਅਤੇ ਆਦਿਵਾਸੀ ਵਰਗ ਦੇ ਜਲ਼ ਜੰਗਲ ਜ਼ਮੀਨ ਦੇ ਅਧਿਕਾਰ ਦੀ ਰਾਖੀ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਸਾਰਥਕ ਹੱਲ ਤੱਕ ਇਹ ਸੰਘਰਸ਼ ਇਸੇ ਜ਼ੋਸ਼ ਨਾਲ ਜਾਰੀ ਰਹੇਗਾ।
ਇਸ ਮੌਕੇ ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਕੁਲਜੀਤ ਸਿੰਘ ਕਾਲੇ ਸਮੇਤ ਹਜ਼ਾਰਾਂ ਕਿਸਾਨ ਮਜਦੂਰ ਸ਼ੰਭੂ ਪਹੁੰਚੇ।