ਕਿਸਾਨ ਝੋਨੇ ਦੀ ਕਟਾਈ ਸਟਰਾਅ ਮੈਨੇਜਮੈਂਟ ਨਾਲ ਲੱਗੀਆਂ ਹੋਈਆਂ ਕੰਬਾਇਨਾਂ ਰਾਹੀਂ ਕਰਵਾਉਣ- ਡਾ. ਜੰਗੀਰ ਸਿੰਘ
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸੱਪਾਂ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ
ਕਿਸਾਨ ਝੋਨੇ ਦੀ ਕਟਾਈ ਸਟਰਾਅ ਮੈਨੇਜਮੈਂਟ ਨਾਲ ਲੱਗੀਆਂ ਹੋਈਆਂ ਕੰਬਾਇਨਾਂ ਰਾਹੀਂ ਕਰਵਾਉਣ- ਡਾ. ਜੰਗੀਰ ਸਿੰਘ
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸੱਪਾਂ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ
ਫਿਰੋਜ਼ਪੁਰ 10 ਅਕਤੂਬਰ 2024……..
ਝੋਨੇ ਦੀ ਕਟਾਈ ਫ਼ਸਲ ਪੂਰੀ ਪੱਕਣ ’ਤੇ ਹੀ ਸਟਰਾਅ ਮੈਨੇਜਮੈਂਟ ਨਾਲ ਲੱਗੀਆਂ ਹੋਈਆਂ ਕੰਬਾਇਨਾਂ ਰਾਹੀਂ ਕਰਵਾਉਣ ਖੇਤੀਬਾੜੀ ਵਿਭਾਗ ਵੱਲੋਂ ਸੀ.ਆਰ.ਐਮ ਸਕੀਮ ਅਧੀਨ ਬਲਾਕ ਘੱਲ ਖੁਰਦ ਦੇ ਪਿੰਡ ਸੱਪਾਂ ਵਾਲੀ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ 50 ਦੇ ਕਰੀਬ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਡਾ. ਜੰਗੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਡਾ. ਜੰਗੀਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਨੂੰ ਪੂਰੀ ਪੱਕਣ ਉਪਰੰਤ ਹੀ ਕਟਾਈ ਕਰਨ ਲਈ ਕਿਹਾ ਅਤੇ ਸਲਾਹ ਦਿੱਤੀ ਗਈ ਕਿ ਜੇਕਰ ਕਿਸਾਨ ਝੋਨੇ ਦੀ ਅੱਧ ਪੱਕੀ ਜਾਂ ਹਰੀ ਫਸਲ ਨੂੰ ਕਟਾਈ ਕਰਕੇ ਮੰਡੀ ਵਿੱਚ ਲਿਆਉਣਗੇ ਤਾਂ ਉੱਥੇ ਝੋਨੇ ਦੀ ਨਮੀ ਦੀ ਮਾਤਰਾ ਘਟਾਉਣ ਵਿੱਚ 4-5 ਦਿਨ ਲੱਗ ਜਾਣਗੇ ਅਤੇ ਇਸ ਤੋਂ ਬਾਅਦ ਝੋਨੇ ਦੀ ਖਰੀਦ ਹੋਵੇਗੀ ਜਿਸ ਨਾਲ ਕਿਸਾਨਾਂ ਦਾ ਅਤੇ ਮੰਡੀ ਕਰਮਚਾਰੀ/ਅਧਿਕਾਰੀਆਂ ਦਾ ਸਮਾਂ ਬਰਬਾਦ ਹੋਵੇਗਾ।
ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਸਟਰਾਅ ਮੈਨੇਜਮੈਂਟ ਸਿਸਟਮ ਨਾਲ ਲੱਗੀਆਂ ਹੋਈਆਂ ਮਸ਼ੀਨਾ ਰਾਹੀਂ ਹੀ ਕਰਨ ਲਈ ਸਲਾਹ ਦਿੱਤੀ ਅਤੇ ਉਸ ਤੋਂ ਬਾਅਦ ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਵਿੱਚ ਹੀ ਜ਼ੀਰੋ ਟਿੱਲ ਡਰਿੱਲ ਰਾਹੀਂ ਕਰਨ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਵਿਸਥਾਰ ਅਫ਼ਸਰ ਸੰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫ਼ਸਲ ਉੱਪਰ ਸੁਚੱਜੀ ਕੀਟਨਾਸ਼ਕ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ।
ਇਸ ਕੈਂਪ ਦੌਰਾਨ ਸੰਬੋਧਨ ਕਰਦਿਆਂ ਸਹਾਇਕ ਖੇਤੀਬਾੜੀ ਇੰਜ ਗ੍ਰੇਡ 1 ਸਤਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਕਿਸਾਨ ਉੱਨਤ ਐਪ ਰਾਹੀਂ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਲੈਣ ਲਈ ਪ੍ਰੇਰਿਤ ਕੀਤਾ। ਸਮੂਹ ਕਿਸਾਨਾਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਵੱਖ-ਵੱਖ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲ਼ੀ ਦਾ ਖੇਤ ਵਿੱਚ ਹੀ ਨਿਪਟਾਰਾ ਕਰਨਗੇ ਅਤੇ ਅੱਗ ਨਾ ਲਗਾ ਕੇ ਹਵਾ, ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਨਾ ਕਰਨ ਵਿੱਚ ਆਪਣਾ ਸਹਿਯੋਗ ਦੇਣਗੇ। ਇਸ ਕੈਂਪ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਅਮਰਜੀਤ ਸਿੰਘ ਖੇਤੀਬਾੜੀ ਉੱਪ ਨਿਰੀਖਕ ਅਤੇ ਜਸਪ੍ਰੀਤ ਸਿੰਘ ਏ.ਟੀ.ਐਮ. ਵੀ ਹਾਜ਼ਰ ਸਨ।