ਕਿਸਾਨਾਂ ਮਜ਼ਦੂਰਾਂ ਵੱਲੋਂ 19ਵੇਂ ਦਿਨ ਕੇਂਦਰ ਸਰਕਾਰ ਵੱਲੋਂ 14 ਅਕਤੂਬਰ ਨੂੰ ਆਇਆ ਗੱਲਬਾਤ ਦਾ ਸੱਦਾ ਰੱਦ ਕਰ ਦਿੱਤਾ
ਤਿੰਨੇ ਖੇਤੀ ਆਰਡੀਨੈੱਸ ਕਿਸੇ ਵੀ ਕੀਮਤ ਉੱਤੇ ਰੱਦ ਨਾਂਹ ਹੋਣ ਤੇ ਅੰਦੋਲਨਕਾਰੀਆਂ ਨੂੰ ਸ਼ਹਿਰੀ ਨਕਸਲੀ ਦੱਸਣ ਦੇ ਬਿਆਨ ਦੇਣ ਵਾਲੇ ਭਾਜਪਾ ਦੇ ਆਗੂਆਂ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ
ਕਿਸਾਨਾਂ ਮਜ਼ਦੂਰਾਂ ਵੱਲੋਂ 19ਵੇਂ ਦਿਨ ਕੇਂਦਰ ਸਰਕਾਰ ਵੱਲੋਂ 14 ਅਕਤੂਬਰ ਨੂੰ ਆਇਆ ਗੱਲਬਾਤ ਦਾ ਸੱਦਾ ਰੱਦ ਕਰ ਦਿੱਤਾ
ਤਿੰਨੇ ਖੇਤੀ ਆਰਡੀਨੈੱਸ ਕਿਸੇ ਵੀ ਕੀਮਤ ਉੱਤੇ ਰੱਦ ਨਾਂਹ ਹੋਣ ਤੇ ਅੰਦੋਲਨਕਾਰੀਆਂ ਨੂੰ ਸ਼ਹਿਰੀ ਨਕਸਲੀ ਦੱਸਣ ਦੇ ਬਿਆਨ ਦੇਣ ਵਾਲੇ ਭਾਜਪਾ ਦੇ ਆਗੂਆਂ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ
ਫਿਰੋਜ਼ਪੁਰ, 1.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਪੱਟੜੀ ਬਸਤੀ ਟੈਂਕਾ ਵਾਲੀ (ਫਿਰੋਜ਼ਪੁਰ) ਤੇ ਲੱਗੇ ਪੱਕੇ ਮੋਰਚੇ ਦੇ 19ਵੇਂ ਦਿਨ ਪੂਰੇ ਰੋਹ ਨਾਲ ਸ਼ਮੂਲੀਅਤ ਕੀਤੀ ਤੇ ਪੰਜਾਬ ਭਾਜਪਾ ਦੇ ਆਗੂਆਂ ਹਰਜੀਤ ਸਿੰਘ ਗਰੇਵਾਲ, ਤਰੁਣ ਚੁੱਗ ਵੱਲੋਂ ਉਕਤ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਪੱਥਰ ਤੇ ਲਕੀਰ ਕਹਿਣ ਤੇ ਅੰਦੋਲਨਕਾਰੀ ਕਿਸਾਨਾਂ ਅਰਬਨ- ਨਕਸਲੀ ਦੱਸਣ ਦੇ ਭੜਕਾਊ ਬਿਆਨ ਦੇਣ ਵਿਰੁੱਧ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ,ਤਰੁਣ ਚੁੱਗ ਤੇ ਹਰਜੀਤ ਸਿੰਘ ਗਰੇਵਾਲ ਦੇ ਪੁਤਲੇ ਰੇਲ ਪੱਟੜੀ ਉੱਤੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਰਣਬੀਰ ਸਿੰਘ ਠੱਠਾ, ਨਰਿੰਦਰਪਾਲ ਸਿੰਘ ਜਤਾਲਾ, ਗੁਰਨਾਮ ਸਿੰਘ ਅਲੀਕੇ, ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀ ਨੂੰ 14 ਅਕਤੂਬਰ ਨੂੰ 11:30 ਵਜੇ ਨਵੀਂ ਦਿੱਲੀ ਕ੍ਰਿਸ਼ੀ ਭਵਨ ਵਿਖੇ ਗੱਲਬਾਤ ਦੇ ਦਿੱਤੇ ਸੱਦੇ ਸਬੰਧੀ ਅੱਜ ਕੋਰ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਗੱਲਬਾਤ ਕਰਨ ਦਾ ਸੱਦਾ ਰੱਦ ਕੀਤਾ ਜਾਂਦਾ ਹੈ, ਕਿਉਂਕਿ ਜਥੇਬੰਦੀ ਦੀ ਮੰਗ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਅੱਗੇ ਆਕੇ ਗੱਲਬਾਤ ਦਾ ਮਾਹੌਲ ਸਾਜ਼ਗਰ ਬਣਾਉਣ ਤੇ ਪੰਜਾਬ ਸਮੇਤ ਹਰਿਆਣੇ ਤੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਵਿੱਚ ਸ਼ਾਮਿਲ ਕਰਕੇ ਆਪ ਮੀਟਿੰਗ ਕਰਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ। ਪਰ ਅਫਸੋਸ ਹੈ ਕਿ ਕੇਂਦਰ ਸਰਕਾਰ ਵੱਲੋਂ ਸੱਦਾ ਪੱਤਰ ਸਿਰਫ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ ਤੇ ਹਰਿਆਣਾ ਤੇ ਦੇਸ਼ ਦੇ ਕਿਸਾਨਾਂ ਨੂੰ ਗੱਲਬਾਤ ਵਿੱਚੋਂ ਬਾਹਰ ਰੱਖ ਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸੱਦਾ ਪੱਤਰ ਵਿੱਚ ਸਪੱਸ਼ਟ ਨਹੀਂ ਕੀਤਾ ਗਿਆ ਕਿ ਗੱਲਬਾਤ ਵਿੱਚ ਕਿਹੜੇ ਮੰਤਰੀ ਜਾਂ ਅਧਿਕਾਰੀ ਸ਼ਾਮਿਲ ਹੋਣਗੇ। ਇਸ ਲਈ ਬਣੀ ਅਸਪੱਸ਼ਟ ਸਥਿਤੀ ਵਿੱਚ ਮੀਟਿੰਗ ਵਿੱਚ ਜਾਣਾ ਠੀਕ ਨਹੀਂ ਸਮਝਿਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਉਕਤ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਕਾਰ ਛੱਡ ਕੇ ਆਪ ਖੁਦ ਪੰਜਾਬ, ਹਰਿਆਣਾ ਤੇ ਦੇਸ਼ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਤੇ ਹੱਲ ਕੱਢਣ, ਅੰਦੋਲਨਕਾਰੀ ਕਿਸਾਨਾਂ ਸ਼ਹਿਰੀ ਨਕਸਲੀ ਦੱਸਣ ਤੇ ਆਰਡੀਨੈਂਸ ਕਿਸੇ ਕੀਮਤ ਉੱਤੇ ਵੀ ਰੱਦ ਨਹੀਂ ਹੋ ਸਕਦੇ ਆਦਿ ਬਿਆਨ ਦੇਣ ਵਾਲੇ ਪੰਜਾਬ ਭਾਜਪਾ ਦੇ ਆਗੂਆਂ ਉਤੇ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਲ ਸਿੰਘ ਸਵਾਈਕੇ, ਬੂਟਾ ਸਿੰਘ ਕਰੀ ਕਲਾਂ, ਬਲਜਿੰਦਰ ਸਿੰਘ ਤਲਵੰਡੀ, ਸੁਖਵੰਤ ਸਿੰਘ ਲੋਹੁਕਾ,ਜਸਵੰਤ ਸਿੰਘ ਸ਼ਰੀਹ ਵਾਲਾ, ਗੁਰਦਿਆਲ ਸਿੰਘ ਟਿੱਬੀ ਕਲਾਂ, ਖਿਲਾਰਾ ਸਿੰਘ ਪੰਨੂੰ, ਚਮਕੌਰ ਸਿੰਘ ਮਹਾਲਮ, ਨਿਰਮਲ ਸਿੰਘ ਸੰਧੂ, ਗੁਰਮੇਲ ਸਿੰਘ ਫੱਤੇਵਾਲਾ, ਰਣਜੀਤ ਸਿੰਘ ਖੱਚਰ ਵਾਲਾ, ਬਚਿੱਤਰ ਸਿੰਘ ਕੁਤਬਦੀਨ,ਹਰਫੂਲ ਸਿੰਘ ਦੂਲੇ, ਜਸਵੰਤ ਸਿੰਘ ਸਰੀਂਹ ਵਾਲਾ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।—-ਬਲਜਿੰਦਰ ਤਲਵੰਡੀ