ਕਲਾਪੀਠ (ਰਜਿ:)ਵੱਲੋਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਸ਼ਾਇਰ ਪ੍ਰੀਤ ਮਨਪ੍ਰੀਤ ਸਾਹਿਤਕ ਮਿਲਣੀ
ਪ੍ਰਵਾਸੀ ਸ਼ਾਇਰ ਪ੍ਰੀਤ ਮਨਪ੍ਰੀਤ ਨਾਲ ਸਾਹਿਤਕ ਮਿਲਣੀ
ਫ਼ਿਰੋਜ਼ਪੁਰ 20 ਅਕਤੂਬਰ : ਫ਼ਿਰੋਜ਼ਪੁਰ ਵਰਗੇ ਸਰਹੱਦੀ ਇਲਾਕੇ ਵਿੱਚ ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:)ਵੱਲੋਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਸਨਮਾਨ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਸਾਦੇ ਪਰ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ।ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਮਹਿਮਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਾਲ ਸ਼ਾਇਰ ਗੁਰਤੇਜ ਕੋਹਾਰਵਾਲਾ, ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਅਤੇ ਚਰਚਿਤ ਕਥਾਕਾਰ ਗੁਰਮੀਤ ਕੜਿਆਲਵੀ ਸ਼ਾਮਲ ਹੋਏ। ਨੌਜਵਾਨ ਸ਼ਾਇਰ ਅਨਿਲ ਆਦਮ ਦੀ ਬੜੀ ਕਾਵਿਕ ਅਤੇ ਰੋਚਕ ਸੰਚਾਲਨ ਵਿੱਚ ਪ੍ਰੋ ਜਸਪਾਲ ਘਈ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਦੇ ਗੁਣਾਂ ਦੀ ਗੱਲ ਛੇੜੀ। ਗੁਰਮੀਤ ਕੜਿਆਲਵੀ ਨੇ ਮਹਿਮਾਨ ਸ਼ਾਇਰ ਦੀ ਸਖ਼ਸ਼ੀਅਤ,ਸੁਭਾਅ, ਸੰਵੇਦਨਾ ਅਤੇ ਸਿਰਜਣਾ ਦੀ ਗੱਲ ਛੇੜੀ। ਮੋਗੇ ਜ਼ਿਲ੍ਹੇ ਦੇ ਮਨਾਵਾਂ ਪਿੰਡ ਚੋਂ ਉੱਠ ਕੇ ਕੈਨੇਡਾ ਦੀ ਧਰਤੀ ਤੇ ਰਹਿ ਕੇ ਵੀ ਪੰਜਾਬੀ ਜ਼ੁਬਾਨ, ਰਹਿਤਲ ਅਤੇ ਸਭਿਆਚਾਰ ਨਾਲ ਪ੍ਰੀਤ ਦੇ ਮੋਹ ਦੀ ਬਾਤ ਪਾਈ।ਉਪਰੰਤ ਸਰੋਤਿਆਂ ਦੇ ਰੂਬਰੂ ਹੋਇਆ ਪ੍ਰੀਤ ਮਨਪ੍ਰੀਤ, ਜਿਸ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਗੱਲ ਛੋਹੀ । ਨਿੱਕੇ ਨਿੱਕੇ ਸੁਪਨਿਆਂ ਲਈ ਕੀਤੇ ਸੰਘਰਸ਼ ਦੀ ਕਹਾਣੀ ਸੁਣਾਉਂਦਿਆਂ ਉਹ ਭਾਵੁਕ ਵੀ ਹੋਇਆ।ਮਨਪ੍ਰੀਤ ਨੇ ਆਪਣੀਆਂ ਕੁਝ ਰਚਨਾਵਾਂ ਵੀ ਸੁਣਾਈਆਂ
ਉਹ ਮੇਰੀ ਪੀੜ ਦੇ ਅਹਿਸਾਸ ਤੋਂ ਏਨਾ ਕੁ ਵਾਕਿਫ਼ ਸੀ
ਕਿ ਵਰ੍ਹਦੇ ਮੀਂਹ ‘ਚ ਵੀ, ਮੇਰੇ ਜੋ ਹੰਝੂ ਸਿਆਣ ਸਕਦਾ ਸੀ ।
ਆ ਕਿ ਮੁੜ ਤੋਂ ਸੁਪਨਿਆਂ ਦੇ ਬੀਅ ਉਗਾ ਕੇ ਦੇਖੀਏ
ਧਰਤ ਸਾਡੇ ਪਿਆਰ ਦੀ, ਜ਼ਰਖੇਜ਼ ਹੈ, ਬੰਜ਼ਰ ਨਹੀਂ।
ਉਸਨੇ ਆਪਣੇ ਸਾਹਿਤਕ ਸਫ਼ਰ ਨੂੰ ਹੱਲਾਸ਼ੇਰੀ ਦੇਣ ਲਈ ਕਲਾਪੀਠ ਦਾ ਸ਼ੁਕਰੀਆ ਅਦਾ ਕੀਤਾ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਮਨਪ੍ਰੀਤ ਨੂੰ ਸੁਣ ਕੇ ਚੰਗਾ ਲੱਗਦਾ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਗ਼ਜ਼ਲ ਵਿੱਚ ਪੰਜਵੀਂ ਪੀੜ੍ਹੀ ਸਰਗਰਮ ਹੋ ਗਈ ਹੈ। ਗੁਰਤੇਜ ਕੋਹਾਰਵਾਲਾ ਨੇ ਆਪਣੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਸੁਣਾ ਕੇ ਕਵੀ ਦਰਬਾਰ ਦਾ ਆਗ਼ਾਜ਼ ਕੀਤਾ।ਗਿੱਲ ਗੁਲਾਮੀਵਾਲਾ,ਵਿਜੇ ਵਿਕਟਰ ਬੌਬੀ ਅਤੇ ਗੁਰਨਾਮ ਸਿੱਧੂ ਨੇ ਗੀਤਾਂ ਨਾਲ ਸਾਂਝ ਪਾਈ।ਕੁਲਦੀਪ ਜਲਾਲਾਬਾਦ,ਸੁਖਜਿੰਦਰ ਫ਼ਿਰੋਜ਼ਪੁਰ,ਅਨਿਲ ਆਦਮ,ਗੁਰਮੀਤ ਕੜਿਆਲਵੀ ,ਹਰਮੀਤ ਵਿਦਿਆਰਥੀ ਅਤੇ ਪ੍ਰੋ.ਜਸਪਾਲ ਘਈ ਨੇ ਕਵਿਤਾਵਾਂ ਨਾਲ ਸ਼ਾਮ ਨੂੰ ਕਾਵਿਕ ਕਰ ਦਿੱਤਾ।ਕਲਾਪੀਠ ਵੱਲੋਂ ਮਨਪ੍ਰੀਤ ਨੂੰ ਯਾਦ ਨਿਸ਼ਾਨੀ ਵਜੋਂ ਪੁਸਤਕਾਂ ਦਾ ਸੈੱਟ ਭੇਂਟ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਲਦੇਵ ਸਿੰਘ ਸੜਕਨਾਮਾ ਨੇ ਮਨਪ੍ਰੀਤ ਦੀ ਸ਼ਲਾਘਾ ਕਰਦਿਆਂ ਕਲਾਪੀਠ ਦੇ ਇਸ ਸਮਾਗਮ ਨੂੰ ਸ਼ਾਇਰੀ ਦੇ ਪੱਧਰ ਪੱਖੋਂ ਇੱਕ ਵੱਡਾ ਸਮਾਗਮ ਦੱਸਿਆ।
ਰਾਜੀਵ ਖਯਾਲ,ਪ੍ਰੋ.ਅਨਿਲ ਧੀਮਾਨ,ਪ੍ਰੋ.ਲਕਸ਼ਮਿੰਦਰ,ਡਾ.ਅਮਨਦੀਪ, ਪ੍ਰੋ.ਆਜ਼ਾਦਵਿੰਦਰ, ਮਿਹਰਦੀਪ,ਸੁਰਿੰਦਰ ਕੰਬੋਜ਼ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।ਅੰਤ ਵਿੱਚ ਹਰਮੀਤ ਵਿਦਿਆਰਥੀ ਨੇ ਸਭ ਦਾ ਧੰਨਵਾਦ ਕੀਤਾ