ਕਮਿਸ਼ਨਰ ਅਤੇ ਆਈ.ਜੀ ਪੁਲਿਸ ਵੱਲੋਂ ਫ਼ਿਰੋਜ਼ਪੁਰ ਡਵੀਜ਼ਨ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
ਫ਼ਿਰੋਜ਼ਪੁਰ 22 ਅਗਸਤ 2017 ( ) ਫ਼ਿਰੋਜ਼ਪੁਰ ਡਵੀਜ਼ਨ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਕੋਆਰਡੀਨੇਸ਼ਨ ਮੀਟਿੰਗ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਵੀ.ਕੇ ਮੀਨਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ, ਜਿਸ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਦੇ ਕੇਸ ਸਬੰਧੀ 25 ਅਗਸਤ ਨੂੰ ਆਉਣ ਵਾਲੇ ਫ਼ੈਸਲੇ ਨੂੰ ਮੁੱਖ ਰੱਖਦਿਆਂ ਡਵੀਜ਼ਨ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਪੁਲਿਸ ਰੇਂਜ ਬਠਿੰਡਾ ਦੇ ਆਈ.ਜੀ ਸ਼ੀ੍ਰ ਐਮ.ਐਸ ਛੀਨਾ, ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਸ਼੍ਰੀ ਰਜਿੰਦਰ ਸਿੰਘ ਸਮੇਤ ਡਵੀਜ਼ਨ ਦੇ ਸਮੂਹ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਵੀ.ਕੇ ਮੀਨਾ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਇਨ੍ਹਾਂ ਜ਼ਿਲਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ, ਪੁਲਿਸ ਤੇ ਸਿਵਲ ਪ੍ਰਸ਼ਾਸਨ ਵਿੱਚ ਤਾਲਮੇਲ, ਜ਼ਿਲਿਆਂ ਵਿੱਚ ਵੱਖ-ਵੱਖ ਨਾਜ਼ੁਕ, ਸੰਵੇਦਨਸ਼ੀਲ ਥਾਵਾਂ, ਲੋੜ ਅਨੁਸਾਰ ਮੈਜਿਸਟਰੇਟਾਂ ਦੀ ਨਿਯੁਕਤੀ, ਧਾਰਾ 144 ਲਾਗੂ ਕਰਨ ਸਮੇਤ ਵੱਖ-ਵੱਖ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਵੀਜ਼ਨ ਦੇ ਸਾਰੇ ਸਿਵਲ ਤੇ ਪੁਲਿਸ ਅਧਿਕਾਰੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਰੋਜ਼ਾਨਾ ਮੀਟਿੰਗ ਕਰਨਗੇ ਅਤੇ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੰਮ ਕਰਨਗੇ। ਕਮਿਸ਼ਨਰ ਸ਼੍ਰੀ ਵੀ.ਕੇ. ਮੀਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਪੁਲਿਸ ਰੇਂਜ ਬਠਿੰਡਾ ਦੇ ਆਈ.ਜੀ. ਸ਼੍ਰੀ ਐਮ.ਐਸ. ਛੀਨਾ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿਵਲ ਪ੍ਰਸ਼ਾਸਨ ਦੇ ਨਾਲ ਨਾਲ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪੈਰਾ ਮਿਲਟਰੀ ਫੋਰਸਜ਼ ਨਾਲ ਲੋੜੀਂਦੀਆਂ ਨਾਜ਼ੁਕ ਥਾਵਾਂ ਤੇ ਸੁਰੱਖਿਆ ਵਧਾਉਣ ਅਤੇ ਡਿਊਟੀ ਮੈਜਿਸਟਰੇਟਾਂ ਨਾਲ ਤਾਲਮੇਲ ਰੱਖਣ ਤਾਂ ਜੋ ਹਰ ਸਥਿਤੀ ਦਾ ਟਾਕਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਨਾਲ ਵੀ ਤਾਲਮੇਲ ਰੱਖ ਕੇ ਅਮਨ ਅਤੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਵਧਾਉਣ ਲਈ ਕੰਮ ਕਰੇ।
ਇਸ ਮੀਟਿੰਗ ਵਿੱਚ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਸ਼੍ਰੀਮਤੀ ਈਸ਼ਾ ਕਾਲੀਆ ਡੀ.ਸੀ ਫ਼ਾਜ਼ਿਲਕਾ, ਡਾ: ਸੁਮਿਤ ਜਾਰੰਗਲ ਡੀ.ਸੀ. ਸ਼੍ਰੀ ਮੁਕਤਸਰ ਸਾਹਿਬ, ਸ. ਦਿਲਰਾਜ ਸਿੰਘ ਡੀ.ਸੀ. ਮੋਗਾ, ਸ਼੍ਰੀ ਵਨੀਤ ਕੁਮਾਰ ਏ.ਡੀ.ਸੀ ਫ਼ਿਰੋਜ਼ਪੁਰ, ਸ਼੍ਰੀ ਗੌਰਵ ਗਰਗ ਐਸ.ਐਸ.ਪੀ ਫ਼ਿਰੋਜ਼ਪੁਰ, ਡਾ: ਕੇਤਨ ਬਾਲੀ ਪਾਟਿਲ ਐਸ.ਐਸ.ਪੀ ਫ਼ਾਜ਼ਿਲਕਾ, ਸ. ਰਾਜਜੀਤ ਸਿੰਘ ਐਸ.ਐਸ.ਪੀ ਮੋਗਾ, ਸ਼ੀ੍ਰ ਸੁਸ਼ੀਲ ਕੁਮਾਰ ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ, ਸ. ਹਰਜੀਤ ਸਿੰਘ ਸੰਧੂ ਐਸ.ਡੀ.ਐਮ ਫਿਰੋਜਪੁਰ, ਸ. ਰਣਜੀਤ ਸਿੰਘ ਭੁੱਲਰ ਸਹਾਇਕ ਕਮਿਸ਼ਨਰ ਜਨਰਲ ਤੋਂ ਇਲਾਵਾ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਵੀ.ਕੇ. ਮੀਨਾ, ਸ. ਐਮ.ਐਸ. ਛੀਨਾ ਆਈ.ਜੀ ਬਠਿੰਡਾ ਰੇਂਜ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਹਾਲਾਤ ਵਿਚ ਅਮਨ ਕਾਨੂੰਨ ਦੀ ਸਥਿਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਹਿਯੋਗ ਦੇਣ। ਉਨ੍ਹਾਂ ਮੀਡੀਆ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੇ ਕਿਸੇ ਵੀ ਤਰਾਂ ਦੀ ਕਲਿੱਪ, ਮੈਸਜ਼ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਹੋਵੇ ਸਬੰਧੀ ਘੋਖ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਰੱਖਣ ਤਾਂ ਜੋ ਅਫ਼ਵਾਹਾਂ ਨਾਲ ਕਿਸੇ ਵੀ ਅਣਸੁਖਾਂਵੀ ਸਥਿਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੂਰੀ ਡਵੀਜ਼ਨ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਕਾਬੂ ਵਿਚ ਹੈ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਸ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ।