Ferozepur News

ਔਰਤਾਂ ਖ਼ਿਲਾਫ਼ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਤੇ ਡੀਸੀ ਨੇ ਲਾਂਚ ਕੀਤਾ ਅੋਰੇਂਜ ਸ਼ਿਕਾਇਤ ਬਾਕਸ, 24 ਘੰਟੇ ਵਿਚ ਪਹੁੰਚੇਗੀ ਮਦਦ

ਔਰਤਾਂ ਖ਼ਿਲਾਫ਼ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਤੇ ਡੀਸੀ ਨੇ ਲਾਂਚ ਕੀਤਾ ਅੋਰੇਂਜ ਸ਼ਿਕਾਇਤ ਬਾਕਸ, 24 ਘੰਟੇ ਵਿਚ ਪਹੁੰਚੇਗੀ ਮਦਦ
ਬੱਚਿਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਸਾਰਾਗੜ੍ਹੀ ਮੈਮੋਰੀਅਲ ਤੱਕ ਅੋਰੈਂਜ ਥੀਮ ਤੇ ਆਧਾਰਿਤ ਕੱਢੀ ਜਾਗਰੂਕਤਾ ਰੈਲੀ
ਡਿਪਟੀ ਕਮਿਸ਼ਨਰ ਨੇ ਆਪਣੇ ਮੋਬਾਈਲ ਤੋਂ ਵੁਮੈਨ ਹੈਲਪਲਾਈਨ ਨੰਬਰ 1091 ਤੇ ਕਾਲ ਕਰਕੇ ਦਿਖਾਈ, ਦੱਸਿਆ ਇਸ ਸੇਵਾ ਦੇ ਇਸਤੇਮਾਲ ਨਾਲ ਤੁਰੰਤ ਮਿਲਦੀ ਹੈ ਮਦਦ

ਫ਼ਿਰੋਜ਼ਪੁਰ 25 ਨਵੰਬਰ 2019 ( ) ਔਰਤਾਂ ਦੇ ਖ਼ਿਲਾਫ਼ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਔਰਤਾਂ ਨੂੰ ਸਮਰਪਿਤ ਔਰੇਂਜ ਸ਼ਿਕਾਇਤ ਬਾਕਸ ਨੂੰ ਲਾਂਚ ਕੀਤਾ। ਇਸ ਸ਼ਿਕਾਇਤ ਬਾਕਸ ਵਿਚ ਕੋਈ ਵੀ ਪੀੜਿਤ ਮਹਿਲਾ ਜਾਂ ਫਿਰ ਮਹਿਲਾਵਾਂ ਦੇ ਖ਼ਿਲਾਫ਼ ਅੱਤਿਆਚਾਰ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਦਾਖਲ ਕੀਤੀ ਜਾ ਸਕਦੀ ਹੈ, ਜਿਸ ਤੇ ਕਾਰਵਾਈ ਕਰਦੇ ਹੋਏ ਸਬੰਧਿਤ ਮਹਿਲਾ ਤੱਕ 24 ਘੰਟੇ ਵਿਚ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਵਿਚਾਰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸ਼ਿਕਾਇਤ ਬਾਕਸ ਲਾਂਚ ਕਰਨ ਮੌਕੇ ਵਿਅਕਤ ਕੀਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਿਕਾਇਤ ਬਾਕਸ ਪੂਰੇ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਜਾਣਗੇ। ਸਵਾਰਜਨਿਕ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਤੇ ਇਹ ਬਾਕਸ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ 24 ਘੰਟੇ ਬਾਅਦ ਇਹ ਸ਼ਿਕਾਇਤ ਬਾਕਸ ਨੂੰ ਖੋਲ੍ਹਿਆ ਜਾਵੇਗਾ। ਇਸ ਵਿਚ ਜੋ ਵੀ ਸ਼ਿਕਾਇਤਾਂ ਮਿਲਣਗੀਆਂ, ਉਨ੍ਹਾਂ ਤੇ 24 ਘੰਟਿਆਂ ਅੰਦਰ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸੇਵਾ ਦਾ ਖੁੱਲ ਕੇ ਇਸਤੇਮਾਲ ਕਰਨ ਕਿਊਂਕਿ ਇਸ ਰਾਹੀਂ ਉਹ ਉਨ੍ਹਾਂ ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਵਾਜ਼ ਉਠਾ ਸਕਦੀਆਂ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਸਾਰਾਗੜ੍ਹੀ ਮੈਮੋਰੀਅਲ ਤੱਕ ਅੋਰੈਂਜ ਥੀਮ ਤੇ ਆਧਾਰਿਤ ਪੈਦਲ ਜਾਗਰੂਕਤਾ ਰੈਲੀ ਵੀ ਕੱਢੀ ਗਈ, ਜਿਸ ਵਿਚ ਵੱਡੀ ਤਾਦਾਦ ਵਿਚ ਵਿਦਿਆਰਥੀਆਂ ਨੇ ਅੋਰੈਂਜ ਰੰਗ ਦੇ ਕੱਪੜੇ ਪਹਿਨ ਕੇ ਹਿੱਸਾ ਲਿਆ।  ਹੱਥਾਂ ਵਿਚ ਮਹਿਲਾਵਾਂ ਤੇ ਹੋਣ ਵਾਲੇ ਜ਼ੁਲਮਾਂ ਦੇ ਖ਼ਿਲਾਫ਼ ਤਖ਼ਤੇ ਲੈ ਕੇ ਵਿਦਿਆਰਥਣਾਂ ਵੀ ਸ਼ਾਮਲ ਹੋਈਆਂ।  ਡਿਪਟੀ ਕਮਿਸ਼ਨਰ ਨੇ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਹਿੱਸਾ ਲੈ ਰਹੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਦੱਸਿਆ ਕਿ ਮੁਸੀਬਤ ਵੇਲੇ ਵੁਮੈਨ ਹੈਲਪਲਾਈਨ ਨੰਬਰ 1091 ਤੇ ਕਾਲ ਕਰ ਕੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਆਪਣੇ ਮੋਬਾਈਲ ਤੋਂ 1091 ਤੇ ਕਾਲ ਕਰਕੇ ਵਿਦਿਆਰਥਣਾਂ ਨੂੰ ਹੈਂਡਫਰੀ ਮੋਡ ਰਾਹੀਂ ਇਸ ਨੰਬਰ ਤੋਂ ਮਿਲਣ ਵਾਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸੀਜੀਐਮ ਅਮਨਪ੍ਰੀਤ ਸਿੰਘ ਵੀ ਖ਼ਾਸ ਤੌਰ ਤੇ ਪਹੁੰਚੇ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਵਾਇਆ ਅਤੇ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਮਿਲਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਇੰਟਰਨੈਸ਼ਨਲ ਡੇ ਫ਼ਾਰ ਏਲਿਮਿਨੇਸ਼ਨ ਆਫ ਵਾਇਲੈਂਸ ਅਗੈਂਸਟ ਵੁਮੈਨ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਔਰਤਾਂ ਨੂੰ ਹਿੰਸਾ ਅਤੇ ਅੱਤਿਆਚਾਰ ਦੇ ਖ਼ਿਲਾਫ਼ ਖੁੱਲ ਕੇ ਅੱਗੇ ਆਉਣ ਅਤੇ ਲੜਾਈ ਲੜਨ ਲਈ ਕਿਹਾ। 

Related Articles

Back to top button