ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਪ੍ਰਾਇਮਰੀ ਸਕੂਲ 'ਚ ਸਮਾਰਟ ਕਲਾਸ ਰੂਮ ਦਾ ਉਦਘਾਟਨ
Ferozepur, February 3, 2019: (Harish Monga): ਭਾਵੇਂ ਸੂਬਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੇ ਨਾਲ-ਨਾਲ ਸਕੂਲ ਦੀਆਂ ਇਮਾਰਤਾਂ ਦੀ ਵਧੀਆ ਦਿੱਖ ਬਣਾਉਣ ਲਈ ਯਤਨਸ਼ੀਲ ਹੈ, ਪਰ ਇਹ ਸਭ ਤਾਂ ਹੀ ਸੰਭਵ ਹੈ, ਜੇ ਸਕੂਲ ਸਟਾਫ਼ ਅਤੇ ਪਿੰਡ ਦੀ ਪੰਚਾਇਤ ਅਤੇ ਨਗਰ ਵੀ ਪੂਰਨ ਸਹਿਯੋਗ ਦੇਣ। ਅੱਜ ਪਿੰਡ ਬੱਧਨੀਂ ਗੁਲਾਬ ਸਿੰਘ ਦਾ ਪ੍ਰਾਇਮਰੀ ਸਕੂਲ ਅਤੇ ਸਮਾਰਟ ਕਲਾਸ ਰੂਮ ਨੂੰ ਦੇਖ ਮਨ ਬਹੁਤ ਖ਼ੁਸ਼ ਹੋਇਆ ਹੈ, ਯਕੀਨਨ ਸਮੁੱਚਾ ਨਗਰ ਅਤੇ ਸਕੂਲ ਸਟਾਫ਼ ਵਧਾਈ ਦਾ ਪਾਤਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੱਧਨੀ ਗੁਲਾਬ ਸਿੰਘ ਵਿੱਚ ਪੰਚਾਇਤ ਵੱਲੋਂ ਮਗਨਰੇਗਾ ਤਹਿਤ ਬਣਾਏ ਸਮਾਰਟ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਨੀਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਸਕੂਲ ਇੰਚਾਰਜ ਹਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਪ੍ਰਿੰਸੀਪਲ ਰਾਕੇਸ਼ ਸ਼ਰਮਾ, ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ, ਸੁਭਾਸ਼ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਬੀ.ਪੀ.ਈ.ਓ. ਹਰਬੰਸ ਲਾਲ, ਬੀ.ਐਮ.ਟੀ. ਸ਼ਮਸ਼ੇਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਯਕੀਨਨ ਸਕੂਲ ਸੁੰਦਰਤਾ ਅਤੇ ਪੜ੍ਹਾਈ ਪੱਖੋਂ ਨਿਵੇਕਲੀਆਂ ਪੈੜਾਂ ਪੁੱਟ ਰਹੇ ਹਨ, ਜਿਨ੍ਹਾਂ ਵਿੱਚ ਬੱਧਨੀਂ ਗੁਲਾਬ ਸਿੰਘ ਸਕੂਲ ਵੀ ਅਹਿਮ ਸਥਾਨ ਰੱਖਦਾ ਹੈ, ਜਿਸ ਲਈ ਸਾਡੇ ਵੀਰ ਸਰਬਜੀਤ ਸਿੰਘ ਧਾਲੀਵਾਲ ਦਾ ਬਹੁਤ ਵੱਡਾ ਯੋਗਦਾਨ ਹੈ।