ਇਤਿਹਾਸਕ ਪਿੰਡ ਬਾਜੀਦਪੁਰ ਵਿਖੇ 40 ਲੱਖ ਦੀ ਲਾਗਤ ਨਾਲ ਤਿਆਰ ਹੋਵੇਗਾ ਨਵਾਂ ਪਾਰਕ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਨੇ ਟੱਕ ਲਗਾ ਕੇ ਕੀਤੀ ਸ਼ੁਰੂਆਤ
ਵਿੱਤੀ ਸਾਲ ਵਿਚ 3 ਕਰੋੜ ਤੋਂ ਵੱਧ ਰੁਪਏ ਦੀ ਲਾਗਤ ਨਾਲ ਹੋਣਗੇ ਪਿੰਡ ਦੇ ਵਿਕਾਸ ਕਾਰਜ
ਫ਼ਿਰੋਜ਼ਪੁਰ 29 ਜੁਲਾਈ 2020 ਸਮਾਰਟ ਵਿਲੇਜ ਸਕੀਮ ਅਧੀਨ ਫ਼ਿਰੋਜ਼ਪੁਰ ਦਿਹਾਤੀ ਦੇ ਇਤਿਹਾਸਕ ਪਿੰਡ ਬਾਜੀਦਪੁਰ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਸਾਲ 3 ਕਰੋੜ ਰੁਪਏ ਪਿੰਡ ਦੇ ਵਿਕਾਸ ਦੇ ਕੰਮਾਂ ਤੇ ਖ਼ਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕਮ ਕਾਂਗਰਸੀ ਆਗੂ ਸ੍ਰ: ਜਸਮੇਲ ਸਿੰਘ ਲਾਡੀ ਗਹਿਰੀ ਨੇ ਪਿੰਡ ਬਾਜੀਦਪੁਰ ਵਿਖੇ ਨਵੇਂ ਪਾਰਕ ਦੀ ਉਸਾਰੀ ਲਈ ਟੱਕ ਲਗਾਉਣ ਮੌਕੇ ਕੀਤਾ। ਇਸ ਤੋਂ ਪਹਿਲਾਂ ਪੰਡਿਤ ਰਾਜੇਸ਼ ਅਤੇ ਸਰਪੰਚ ਬਲਵਿੰਦਰ ਕੁਮਾਰ ਦੁਆਰਾ ਭੂਮੀ ਪੂਜਣ ਵੀ ਕਰਵਾਇਆ ਗਿਆ।
ਸ੍ਰ: ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਇਸ ਪਾਰਕ ਦੀ ਉਸਾਰੀ ਤੇ ਕਰੀਬ 40 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਸ ਵਿਚ ਓਪਨ ਜਿੰਮ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪਾਰਕ ਗੁਰਦੁਆਰਾ ਸ਼੍ਰੀ ਜ਼ਾਮਨੀ ਸਾਹਿਬ ਦੇ ਸਾਹਮਣੇ ਛੱਪੜ ਵਾਲੀ ਜਗ੍ਹਾ ਤੇ ਬਣਾਇਆ ਜਾਣਾ ਹੈ। ਇਸ ਪਾਰਕ ਦੇ ਬਣਨ ਨਾਲ ਲੋਕਾਂ ਨੂੰ ਆਪਣੀ ਚੰਗੀ ਸਿਹਤ ਲਈ ਕਸਰਤ ਕਰਨ ਲਈ ਵਧੀਆਂ ਜਗ੍ਹਾ ਤੇ ਚੰਗਾ ਵਾਤਾਵਰਨ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਸਕੂਲ ਦੀ ਚਾਰਦੀਵਾਰੀ, ਸ਼ੈੱਡ, ਸਕੂਲ ਨੂੰ ਜਾਣ ਵਾਲੀ ਸੜਕ, ਪਿੰਡ ਦੀ ਫਿਰਨੀ ਪੱਕੀ ਕਰਨ ਆਦਿ ਵਿਕਾਸ ਦੇ ਕੰਮ ਵੀ ਕਰਵਾਏ ਜਾਣਗੇ।
ਇਸ ਮੌਕੇ ਮੈਂਬਰ ਬਲਾਕ ਸਮਿਤੀ ਜਤਿੰਦਰ ਸਿੰਘ, ਗੋਪੀ ਔਲਖ, ਅਮਰਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਰਚਨਾ ਰਾਣੀ, ਰਾਜਿੰਦਰ ਪ੍ਰਧਾਨ, ਰਮੇਸ਼, ਕਾਹਨ ਚੰਦਰ ਸ਼ਰਮਾ, ਸਰਬਜੀਤ ਸਿੰਘ, ਟਹਿਲ ਸਿੰਘ ਸੰਧੂ, ਦਰਸ਼ਨ ਔਲਖ, ਦੇਵੀ ਦਿਆਲ, ਸੁਖਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।