ਆਮ ਬਦਲੀਆਂ ਦੀ ਨੀਤੀ ਵਿੱਚ “ਖਾਸ” ਲਈ ਚੋਰ ਦਰਵਾਜ਼ੇ….. ਜੀ ਟੀ ਯੂ
Ferozepur, June 23, 2017 : ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਵਲੋਂ ਲਗਾਤਾਰ ਸਿੱਖਿਆ ਵਿਭਾਗ ਵਿੱਚ "ਖਾਸ" ਤੇ "ਰਾਜਨੀਤਕ" ਹੋ ਰਹੀਆਂ ਬਦਲੀਆਂ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਤੇ ਉਨ੍ਹਾਂ "ਖਾਸ" ਹੋ ਰਹੀਆਂ ਬਦਲੀਆਂ ਤੇ ਰੋਕ ਲੱਗ ਗਈ। ਸਿੱਖਿਆ ਮੰਤਰੀ, ਪੰਜਾਬ ਵਲੋਂ ਅਧਿਆਪਕ ਵਿਰੋਧੀ ਨੀਤੀਆਂ ਨੂੰ ਬਰਦਾਸ਼ਤ ਨਾ ਕਰਦੇ ਹੋਏ, ਯੁਨੀਅਨ ਵਲੋਂ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਤੇ ਹੁਣ ਮੰਤਰੀ ਨੇ ਯੁਨੀਅਨ ਦੇ ਦਬਾਅ ਹੇਠ ਆਮ ਅਧਿਆਪਕਾਂ ਲਈ ਬਦਲੀਆਂ ਦੀ ਨੀਤੀ ਜਾਰੀ ਕੀਤੀ ਹੈ, ਪਰ ਇਸ ਨੀਤੀ ਵਿੱਚ ਵੀ ਉਹ ਆਪਣੇ ਚਹੇਤਿਆਂ ਲਈ ਚੋਰ ਦਰਵਾਜ਼ੇ ਰੱਖਣੇ ਨਹੀਂ ਭੁਲੇ।
ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਆਦਿ ਨੇ ਕਿਹਾ ਕਿ ਜੱਦ ਦੀ ਨਵੀਂ ਸਰਕਾਰ ਆਈ ਹੈ, ਉਦੋਂ ਤੋਂ ਹੀ ਇਸ ਦਾ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਦੇ ਨਿੱਤ ਨਵੇਂ ਕੰਮਾਂ ਨਾਲ ਪੁਰੇ ਸੂਬੇ ਦੇ ਲੋਕਾਂ ਲਈ ਚਰਚਾ ਦਾ "ਰੋਚਕ" ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਉਹ ਤਰੱਕੀਆਂ ਕਰਨ ਤੋਂ ਬਾਅਦ ਸਟੇਸ਼ਨ ਅਲਾਟਮੈਂਟ ਦਾ ਕੰਮ ਹੋਵੇ, ਭਾਵੇਂ ਜੂਨੀਅਰ ਅਧਿਕਾਰੀਆਂ ਨੂੰ ਉੱਚੀਆਂ ਪੋਸਟਾਂ ਤੇ ਲਗਾਉਣ ਦਾ, ਸ਼ੈਸ਼ਨ ਸ਼ੁਰੂ ਹੋਣ ਦੇ 3 ਮਹੀਨੇ ਬਾਅਦ ਤੱਕ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਦੇ ਸਕਣਾ ਆਦਿ ਆਜਿਹੇ ਅਨੇਕਾਂ ਕੰਮਾਂ ਕਰਕੇ ਵਿਭਾਗ ਸੂਬੇ ਦੇ ਲੋਕਾਂ ਵਿੱਚ ਚੰਗੀ ਬਦਨਾਮੀ ਖੱਟ ਚੁੱਕਾ ਹੈ। ਪਰ ਸਭ ਤੋਂ ਵੱਧ ਬਦਨਾਮੀ ਬਦਲੀਆਂ ਦੇ ਕੰਮ ਵਿੱਚ ਮੰਤਰੀ ਦੀ ਹੋਈ ਹੈ, ਇਸ ਮੰਤਰੀ ਨੇ ਬਦਲੀਆਂ ਦਾ ਰਾਜਨੀਤੀਕਰਨ ਹੀ ਕਰਕੇ ਰੱਖ ਦਿੱਤਾ ਤੇ "ਆਮ" ਬਦਲੀਆਂ ਨੂੰ "ਖਾਸ" ਬਦਲੀਆਂ ਵਿੱਚ ਬਦਲ ਦਿੱਤਾ। ਪਰ ਯੂਨੀਅਨ ਦੇ ਜੋਰਦਾਰ ਸੰਘਰਸ਼ ਸਦਕਾ ਜਿਥੇ ਰਾਜਨੀਤਕ ਬਦਲੀਆਂ ਬੰਦ ਹੋਇਆ ਉਥੇ ਆਮ ਬਦਲੀਆਂ ਲਈ ਨੀਤੀ ਮੰਤਰੀ ਨੂੰ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਬਦਲੀਆਂ ਦੀ ਜਾਰੀ ਹੋਈ ਨੀਤੀ ਵਿੱਚ ਵੀ ਮੰਤਰੀ ਨੇ ਜਿੱਥੇ ਹੈੰਡੀਕੇਪਟ ਅਧਿਆਪਕਾਂ ਨਾਲ ਬੇਇਨਸਾਫੀ ਕੀਤੀ ਹੈ ਉਥੇ ਉਹ ਆਪਣੇ "ਖਾਸ" ਚਹੇਤਿਆਂ ਲਈ "ਚੋਰ" ਦਰਵਾਜ਼ੇ ਵੀ ਰੱਖਣੇ ਨਹੀਂ ਭੁੱਲੇ। ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਵਿਚ ਹੈਡੀਕੈਪਟ ਕਰਮਚਾਰੀਆਂ ਦੀ ਅੰਗਹੀਣ ਪ੍ਰਤੀਸ਼ਤਤਾ 40 ਪ੍ਰਤੀਸ਼ਤ ਫਿਕਸ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਆਮ ਬਦਲੀਆਂ ਲਈ ਜਾਰੀ ਨੀਤੀ ਵਿੱਚ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੌ ਪ੍ਰਤੀਸ਼ਤ ਨੇਤਰਹੀਣ ਅਤੇ 70 ਪ੍ਰਤੀਸ਼ਤ ਲੱਤਾਂ ਤੋਂ ਅੰਗਹੀਣ ਕਰਮਚਾਰੀਆਂ ਦੇ ਹੀ ਬਦਲੀਆਂ ਲਈ ਕੇਸ ਪਹਿਲ ਦੇ ਅਧਾਰ 'ਤੇ ਵਿਚਾਰਣ ਦੀ ਗੱਲ ਲਿਖੀ ਗਈ ਹੈ, ਜੋ ਕਿ ਸਰਾਸਰ ਇਸ ਵਰਗ ਨਾਲ ਨਾ-ਇਨਸਾਫ਼ੀ ਹੈ। ਇਸ ਦੇ ਨਾਲ ਹੀ ਜਾਰੀ ਕੀਤੀ ਗਈ ਨੀਤੀ ਦੇ ਸੀਰੀਅਲ ਨੰਬਰ 14 ਰਾਹੀਂ ਮੰਤਰੀ ਨੇ ਆਪਣੇ "ਖਾਸ ਚਹੇਤਿਆਂ" ਲਈ ਚੋਰ ਦਰਵਾਜ਼ਾ ਵੀ ਰੱਖਿਆ ਹੈ, ਜਿਸ ਅਨੁਸਾਰ ਇਹ ਕਿਹਾ ਗਿਆ ਹੈ ਕਿ ਵਿਭਾਗ /ਸਰਕਾਰ ਵੱਲੋਂ "ਲੋਕ ਹਿੱਤ" ਵਿੱਚ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਸਟੇਸ਼ਨ ਤੇ ਅਤੇ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ। ਇਸ ਚੋਰ ਦਰਵਾਜ਼ੇ ਨਾਲ ਕਿਸੇ ਵੀ "ਖਾਸ" ਦੀ ਬਦਲੀ ਕਿੱਥੇ ਵੀ ਕੀਤੀ ਜਾ ਸਕਦੀ ਹੈ, ਜਿਸ ਦੀ ਕੋਈ ਸੁਣਵਾਈ ਨਹੀਂ ਹੋਵੇਗੀ। ਜਿਸ ਦਾ ਯੂਨੀਅਨ ਵੱਲੋਂ ਵਿਰੋਧ ਕੀਤਾ ਜਾਵੇਗਾ।
ਸੰਜੀਵ ਟੰਡਨ, ਗੌਰਵ ਮੁੰਜਾਲ, ਸੰਦੀਪ ਟੰਡਨ ਆਦਿ ਨੇ ਕਿਹਾ ਕਿ ਇਸ ਆਮ ਬਦਲੀਆਂ ਦੀ ਨੀਤੀ ਨੂੰ ਵੀ ਆਪਣੇ ਚਹੇਤਿਆਂ ਲਈ ਖਾਸ ਬਣਾਉਣ ਲਈ ਸੀਰੀਅਲ ਨੰਬਰ 16 ਵਿੱਚ ਸਾਫ ਲਿਖਿਆ ਹੈ ਕਿ ਨਿਰਧਾਰਤ ਸ਼ਰਤਾਂ ਵਿੱਚ ਸਰਕਾਰ ਵੱਲੋਂ ਢਿੱਲ ਦਿੱਤੀ ਜਾ ਸਕਦੀ ਹੈ। ਜਿਸ ਦਾ ਸਪੱਸ਼ਟ ਮਤਲਬ ਹੈ ਕਿ ਸਰਕਾਰ ਦੀ ਨਿਯਤ ਵਿੱਚ ਖੋਟ ਹੈ। ਇਸ ਲਈ ਯੂਨੀਅਨ ਸਿੱਖਿਆ ਮੰਤਰੀ ਪੰਜਾਬ ਤੋਂ ਇਸ ਨੀਤੀ ਵਿੱਚ ਸੋਧ ਕਰਨ ਦੀ ਪੁਰਜੋਰ ਅਪੀਲ ਕਰਦੀ ਹੈ,ਜੇਕਰ ਇਸ ਨੀਤੀ ਵਿੱਚ ਸੋਧ ਨਾ ਕੀਤੀ ਗਈ ਤਾਂ ਯੂਨੀਅਨ ਇਸ ਦਾ ਵਿਰੋਧ ਜਾਰੀ ਰੱਖੇਗੀ।
ਇਸ ਮੌਕੇ ਨਵਦੀਪ ਮਾਣਾ ਸਿੰਘ ਵਾਲਾ, ਰਾਜਿੰਦਰ ਸਿੰਘ ਰਾਜਾ ਘੱਲਘੁਰਦ, ਅਮਿਤ ਸੋਨੀ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਜੀਰਾ, ਸੰਜੀਵ ਹਾਂਡਾ, ਤਰਲੋਕ ਭੱਟੀ, ਗੁਰਮੀਤ ਸਿੰਘ, ਸੰਜੇ ਚੌਧਰੀ, ਬਲਵਿੰਦਰ ਬਹਿਲ, ਸਹਿਨਾਜ, ਬਲਜਿੰਦਰ ਸਿੰਘ ਜੀਰਾ, ਕਮਲਪ੍ਰੀਤ, ਅਮਿਤ ਸ਼ਰਮਾ, ਬਲਵਿੰਦਰ ਸਿੰਘ ਜੀਰਾ ਆਦਿ ਹਾਜ਼ਰ ਸਨ