Ferozepur News

ਅਧਿਆਪਕਾਂ ਨੂੰ ਸੂਪਰ ਕੰਪਿਊਟਰ ਸਮਝਿਆ ਹੋਇਆ ਅਧਿਕਾਰੀਆਂ ਨੇ…. ਜੀਟੀਯੂ

ਅਧਿਆਪਕਾਂ ਨੂੰ ਸੂਪਰ ਕੰਪਿਊਟਰ ਸਮਝਿਆ ਹੋਇਆ ਅਧਿਕਾਰੀਆਂ ਨੇ…. ਜੀਟੀਯੂ

* ਇਕੋ ਸਮੇਂ ਅਨੇਕਾਂ ਆਦੇਸ਼ਾਂ ਦੀ ਝੜੀ ਨੇ ਅਧਿਆਪਕਾਂ ਨੂੰ ਕੀਤਾ ਪ੍ਰੇਸ਼ਾਨ।

* ਹਾਲੇ ਤੱਕ ਵਿਦਿਆਰਥੀਆਂ ਨੂੰ ਪੁਰੀਆਂ ਵਰਦੀਆਂ ਨਹੀਂ ਹੋਇਆ ਨਸੀਬ।

* ਅਧਿਕਾਰੀਆਂ ਦੀ ਸੋਚ, ਕਮਾਂਡ ਦੇਣ ਦੀ ਲੋੜ ਤੇ ਕੰਮ ਹੋਜੂ ਉਹ ਵੀ ਫ੍ਰੀ ਵਿਚ। 

Ferozepur, September 4, 2019: ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਾਤਾਰ ਬਿਨਾਂ ਪਲੈਨਿੰਗ ਦੇ ਦਿੱਤੇ ਜਾਂਦੇ ਆਦੇਸ਼ਾਂ ਤੋਂ ਅਧਿਆਪਕ ਵਰਗ ਪ੍ਰੇਸ਼ਾਨ ਹੋ ਚੁੱਕਾ ਹੈ। ਦੋ ਸਿੱਖਿਆ ਮੰਤਰੀ ਬਦਲਣ ਤੋਂ ਬਾਅਦ ਤੀਸਰੇ ਸਿੱਖਿਆ ਮੰਤਰੀ ਦੇ ਆਉਣ ਦੇ ਬਾਵਜੂਦ ਸਿੱਖਿਆ ਤੇ ਹੁੰਦੇ ਤਜਰਬਿਆਂ ਤੇ ਬਿਨਾਂ ਪੈਸੇ ਦਿੱਤੇ ਹੁੰਦੀਆਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਖੇਡਾਂ ਦਾ ਚੱਲਣ ਬਾਦਸਤੂਰ ਜਾਰੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਪ੍ਰਾਇਮਰੀ ਵਿੰਗ ਵਿਚ ਸੈਂਟਰ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਹਨ, ਜਿਸ ਲਈ ਇਕ ਨਿੱਕਾ ਪੈਸਾ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ। ਅਧਿਆਪਕ ਆਪਣੀ ਜੇਬਾਂ ਤੋਂ ਖਰਚ ਕਰਕੇ ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਮਜਬੂਰ ਹਨ। ਜਿੱਥੇ ਇਹ ਖੇਡਾਂ ਦਾ ਦੌਰ ਪੰਜਾਬ ਭਰ ਦੇ ਸਕੂਲਾਂ ਵਿਚ ਚੱਲ ਰਿਹਾ ਹੈ ਉਥੇ ਪੜੋ ਪੰਜਾਬ ਪੜਾਉ ਪੰਜਾਬ ਤਹਿਤ ਵਿਦਿਆਰਥੀਆਂ ਦੇ ਪੜਾਈ ਦੇ ਪੱਧਰ ਦੀ ਅਤੀ ਜਰੂਰੀ ਜਾਂਚ ਵੀ 3 ਤੇ 4 ਸਤੰਬਰ ਨੂੰ ਕਰਨ ਦੇ ਹੁਕਮ ਅਧਿਕਾਰੀਆਂ ਵਲੋਂ ਜਾਰੀ ਕਰ ਦਿੱਤੇ ਗਏ ਹਨ। ਇੱਥੇ ਹੀ ਬਸ ਨਹੀਂ 3 ਸਤੰਬਰ ਨੂੰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਾਇਮਰੀ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲਿਆਂ ਦਾ ਦੌਰ ਕੀਤਾ ਗਿਆ। ਇਕੋ ਤਰੀਕ ਨੂੰ ਸਾਰੇ ਕੰਮ ਕਰਨ ਦੇ ਅਧਿਕਾਰੀਆਂ ਦੇ ਸਖਤ ਆਦੇਸ਼ਾਂ ਅੱਗੇ ਅਧਿਆਪਕ ਬੇਬੱਸ ਨਜ਼ਰ ਆਏ। ਇਸ ਸਾਰੇ ਘਟਨਾਕ੍ਰਮ ਤੋਂ ਇੰਝ ਜਾਪਦਾ ਹੈ ਜਿਵੇਂ ਵਿਭਾਗ ਦੇ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਸੂਪਰ ਕੰਪਿਊਟਰ ਸਮਝਿਆ ਹੋਇਆ ਹੈ, ਜਿਸ ਨੂੰ ਕਮਾਂਡ ਦੇਣ ਦੀ ਲੋੜ ਹੈ ਤੇ ਕੰਮ ਹੋਜੂ ਉਹ ਵੀ ਫ੍ਰੀ ਵਿਚ । ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵਲੋਂ ਨਵੀਂ ਖੇਡ ਪਾਲਿਸੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਭਵਿੱਖ ਵਿਚ ਸਰਕਾਰ ਵਲੋਂ ਵਿਦਿਆਰਥੀਆਂ ਦੀ ਫਿੱਟਨੈੱਸ ਅਤੇ ਖੇਡਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ ਪਰ ਹਾਲ ਦੀ ਘੜੀ ਅਧਿਆਪਕਾਂ ਦੀ ਜੇਬਾਂ ਤੋਂ ਪੈਸੇ ਕੱਢਵਾਕੇ ਖੇਡਾਂ ਕਰਵਾਇਆ ਜਾ ਰਹੀਆਂ ਹਨ, ਉਹ ਵੀ ਉਦੋਂ ਜਦੋਂ ਅਧਿਆਪਕਾਂ ਦੀ ਤਨਖਾਹਾਂ ਤੇ ਅਣਐਲਾਨੀ ਰੋਕ ਲੱਗੀ ਹੋਈ ਹੈ ਤੇ ਅਜੇ ਤੱਕ ਤਨਖਾਹਾਂ ਨਸੀਬ ਨਹੀਂ ਹੋਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵਜ਼ੀਫ਼ੇ ਨੈਸ਼ਨਲ ਤੇ ਈਪੰਜਾਬ ਪੋਰਟਲ ਤੇ ਆਨਲਾਈਨ ਕਰਨ ਦਾ ਹੁਕਮ ਵੀ ਅਧਿਆਪਕਾਂ ਨੂੰ ਹੋਇਆ ਪਿਆ ਹੈ, ਜੇਕਰ ਕਿਸੇ ਵਿਦਿਆਰਥੀ ਦਾ ਡਾਟਾ ਆਨਲਾਈਨ ਹੋਣ ਤੋਂ ਰਹਿ ਗਿਆ ਤਾਂ ਅਧਿਆਪਕਾਂ ਦੀ ਖੈਰ ਨਹੀਂ ਭਾਵੇਂ ਕਿ ਲੱਗਭਗ ਪੰਜ ਸਾਲਾਂ ਤੋਂ ਵਿਦਿਆਰਥੀਆਂ ਨੂੰ ਵਜੀਫਾ ਨਸੀਬ ਨਹੀਂ ਹੋਈਆ। 

ਵਰਦੀਆਂ ਇਹਨਾਂ ਅਧਿਕਾਰੀਆਂ ਵਲੋਂ ਪੂਰਾ ਸਾਲ ਲੱਘਣ ਤੋਂ ਬਾਅਦ ਅਪ੍ਰੈਲ – ਮਈ 2019 ਵਿਚ ਸਕੂਲਾਂ ਵਿਚ ਪਹੁੰਚਾਇਆ ਗਈਆਂ ਪਰ ਇਨ੍ਹਾਂ ਦਾ ਸਾਈਜ ਕਿਸੇ ਵਿਰਲੇ ਵਿਦਿਆਰਥੀ ਨੂੰ ਹੀ ਪੂਰਾ ਆਇਆ। ਫਿਰ ਨਵੇਂ ਸਾਈਜ ਦੀ ਰਿਪੋਰਟ ਅਧਿਆਪਕਾਂ ਤੋਂ ਮੰਗਵਾਈ ਗਈ ਪਰ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਵਿਦਿਆਰਥੀਆਂ ਨੂੰ ਨਵੇਂ ਸਾਈਜ ਦੀਆਂ ਵਰਦੀਆਂ ਨਸੀਬ ਨਹੀਂ ਹੋਈਆ। ਇਸ ਦੀ ਜਿੰਮੇਵਾਰੀ ਕੋਈ ਅਧਿਕਾਰੀ ਲੈਣ ਨੂੰ ਤਿਆਰ ਨਹੀਂ। ਲੱਗਦਾ ਹੈ ਕਿ ਇਕ ਦਿਨ ਅਚਾਨਕ ਹੀ ਅਧਿਆਪਕਾਂ ਨੂੰ ਵਰਦੀਆਂ ਲੈਕੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਵੀਂਆਂ ਪੋਸਟਾਂ ਬਣਾ ਕੇ ਉਥੇ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਪੋਸਟਾਂ ਤੇ ਹਾਜ਼ਰ ਹੋਏ ਅਧਿਆਪਕ ਹੁਣ ਤਨਖਾਹਾਂ ਤੋਂ ਵੰਝੇ ਹੋਏ ਪਏ ਹਨ। ਵਿਭਾਗ ਨੂੰ ਤੁਰੰਤ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। 

ਆਗੂਆਂ ਨੇ ਵਿਭਾਗ ਦੇ ਅਜਿਹੇ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਆਪਣੇ ਵਤੀਰੇ ਵਿਚ ਸੁਧਾਰ ਕਰਨ ਨਹੀਂ ਤਾਂ ਯੂਨੀਅਨ ਅਧਿਆਪਕ ਵਰਗ ਨੂੰ ਦਰਪੇਸ਼ ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। 

 

Related Articles

Back to top button