Ferozepur News

ਅਧਿਆਪਕਾਂ ਨੂੰ ਬੀਐਲਓ ਲਗਾਉਣਾ ਸਰਾਸਰ ਧੱਕਾ : ਜੀਟੀਯੂ

ਇਕ ਪਾਸੇ ਸਿੱਖਿਆ ਮੰਤਰੀ, ਪੰਜਾਬ ਅਤੇ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਅਤੇ ਇਸ ਵਿਚ ਸੁਧਾਰ ਕਰਨ ਦੇ ਬਿਆਨ ਤੇ ਦਾਅਵੇ ਕਰ ਰਹੇ ਹਨ, ਦੁਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕਾਂ ਦੀ ਬੀਐਲਓ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਸ ਸਬੰਧੀ ਮੰਤਰੀ ਜੀ ਨੇ ਜਿੱਥੇ ਅੱਖਾਂ ਬੰਦ ਕਰ ਲਈਆਂ ਹਨ ਉਥੇ ਸਿੱਖਿਆ ਸਕੱਤਰ ਸਾਹਿਬ ਜੀ ਨੇ ਸਿਰਫ਼ 'ਪੜੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦੇਣ ਲਈ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਸਾਇਦ ਬਾਕੀ ਅਧਿਆਪਕ ਸਿੱਖਿਆ ਵਿਭਾਗ ਦੇ ਅਧੀਨ ਨਹੀਂ ਆਉਦੇ ਜਾ ਉਹ ਪ੍ਰੋਜੈਕਟ ਵਿਚ ਕੰਮ ਕਰਦੇ ਅਧਿਆਪਕਾਂ ਤਰ੍ਹਾਂ ਸਕੱਤਰ ਸਾਹਿਬ ਦੀ ਵਿਸ਼ੇਸ਼ 'ਨਜ਼ਰੇ ਇਨਾਇਤ' ਦੇ ਪਾਤਰ ਨਹੀਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਤਾਂ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਹੀ ਹੁਣ ਤੱਕ ਨਹੀਂ ਦਿੱਤੀਆਂ, ਉਪਰੋਂ 'ਕੈਮਰੇ ਲੱਗਾ' ਕੇ ਪ੍ਰੀਖਿਆ ਲੈਣ ਦੇ ਬਿਆਨ ਸਿੱਖਿਆ ਮੰਤਰੀ ਜੀ ਵਲੋਂ ਦਿੱਤੇ ਜਾ ਰਹੇ ਹਨ। ਜੋ ਕਿ ਉਨ੍ਹਾਂ ਵਲੋਂ ਵਿਭਾਗ ਦੀ ਨਲਾਇਕੀ ਨੂੰ ਛੁਪਾ ਕੇ ਅਧਿਆਪਕਾਂ ਨੂੰ ਬਦਨਾਮ ਕਰਨ ਦੀ ਇਕ ਨਾਕਾਮਯਾਬ ਕੋਸ਼ਿਸ਼ ਤੋਂ ਇਲਾਵਾ ਹੋਰ ਕੁੱਝ ਨਹੀਂ। ਇਸ ਤੋਂ ਇਲਾਵਾ ਇਸ ਸਮੇਂ ਸਿੱਖਿਆ ਵਿਭਾਗ ਵਿੱਚ 'ਪੜੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਅਨੁਸਾਰ ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ ਲਿਖੀ ਜਾਣੀ ਹੈ। ਅਧਿਆਪਕਾਂ ਦੀ ਬੀਐਲਓ ਡਿਊਟੀ ਇਸ ਰਿਪੋਰਟ ਤੇ ਮਾੜਾ ਅਸਰ ਪਵੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਕੋਈ ਵੀ ਡਿਊਟੀ ਹੋਵੇ ਉਸ ਨੂੰ ਕਰਨ ਲਈ ਸਿਰਫ ਅਧਿਆਪਕ ਨੂੰ ਹੀ ਤਹਿਨਾਤ ਕਰ ਦਿੱਤਾ ਜਾਂਦਾ ਹੈ। ਜੱਦ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸਕੂਲਾਂ ਵਿਚ ਅਧਿਆਪਕ ਪਹਿਲਾਂ ਹੀ ਚੌਕੀਦਾਰ ਤੋਂ ਲੈ ਕੇ ਪ੍ਰਿਸੀਪਲ ਤੱਕ ਦਾ ਕੰਮ ਕਰ ਰਹੇ ਹਨ, ਉਪਰੋਂ ਉਹਨਾਂ ਦੀ ਬੀਐਲਓ ਡਿਊਟੀ ਲੱਗਾ ਦਿੱਤੀ ਗਈ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਜਿਲ੍ਹਾ ਰੋਜ਼ਗਾਰ ਦਫਤਰਾਂ ਵਿਚ ਦਰਜ ਬੇਰੁਜ਼ਗਾਰ ਨੌਜਵਾਨਾਂ ਦੀਆਂ ਲਿਸਟਾਂ ਲੈ ਕੇ ਉਨ੍ਹਾਂ ਤੋਂ ਬੀਐਲਓ ਦਾ ਕੰਮ ਕਰਵਾਉਣ। ਇਸ ਨਾਲ ਜਿਥੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਉਥੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ।

ਗੌਰਵ ਮੁੰਜਾਲ, ਸੰਦੀਪ ਟੰਡਨ, ਬਲਵਿੰਦਰ ਸਿੰਘ ਚੱਬਾ, ਸੰਜੀਵ ਟੰਡਨ ਨੇ ਕਿਹਾ ਕਿ ਜਥੇਬੰਦੀ ਅਧਿਆਪਕਾਂ ਦੀ ਬੀਐਲਓ ਡਿਊਟੀ ਲਗਾਉਣ ਦੀ ਵਿਰੋਧਤਾ ਕਰਦੀ ਹੈ ਅਤੇ ਡੀ. ਪੀ. ਆਈਜ ਨਾਲ ਹੋਣ ਵਾਲੀਆਂ ਮੀਟਿੰਗਾ ਵਿਚ ਵੀ ਇਸ ਸਮੱਸਿਆ ਨੂੰ ਰੱਖਿਆ ਜਾਵੇਗਾ।

Related Articles

Back to top button