Ferozepur News
ਜ਼ਿਲ੍ਹੇ ਵਿਚ ਅਮਨ-ਸ਼ਾਤੀ ਅਤੇ ਆਪਸੀ ਭਾਈਚਾਰੇ ਵੀ ਮਜ਼ਬੂਤੀ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ–ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿਚ ਅਮਨ-ਸ਼ਾਤੀ ਅਤੇ ਆਪਸੀ ਭਾਈਚਾਰੇ ਵੀ ਮਜ਼ਬੂਤੀ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ–ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਕਰੀਬ 400 ਪਿੰਡਾਂ ਦੇ ਧਾਰਮਿਕ ਸਥਾਨਾਂ ਵਿਚ ਸੀ.ਸੀ.ਟੀ. ਕੈਮਰੇ ਲਗਾਏ ਜਾ ਚੁੱਕੇ ਹਨ।
ਫਿਰੋਜ਼ਪੁਰ 12 ਨਵੰਬਰ 2015 ( Harish Monga) ਪੰਜਾਬ ਵਿਚ ਬੀਤੇ ਦਿਨ ਵਾਪਰੀਆਂ ਅਣਸੁਖਾਵੀਂ ਘਟਨਾ ਉਪਰੰਤ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਅਮਨ ਸ਼ਾਂਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਪਿੰਡਾਂ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ, ਸਭਾਵਾਂ, ਸੰਗਠਨਾਂ ਆਦਿ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰ.ਹਰਦਿਆਲ ਸਿੰਘ ਮਾਨ ਨੇ ਕੀਤੀ।
ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਲੰਬੇ ਯਤਨਾਂ ਬਾਅਦ ਅਮਨ ਸਾਂਤੀ ਦਾ ਮਾਹੌਲ ਬਣਿਆ ਹੈ ਅਤੇ ਇਹ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਸੀ ਭਾਈਚਾਰੇ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਾ ਹੋਣ ਦੇਈਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੁਚੇਤ ਹੋ ਕੇ ਵਰਤਮਾਨ ਹਾਲਤਾਂ ਦਾ ਟਾਕਰਾ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਧਾਰਮਿਕ ਸਥਾਨਾਂ ਤੇ ਪੂਰਨ ਚੌਕਸੀ ਰੱਖੀ ਜਾਵੇ ਅਤੇ ਇਸ ਲਈ ਟੀਮਾਂ ਬਣਾ ਕੇ ਰਾਤਰੀ ਪਹਿਰਾ ਵੀ ਲਗਾਇਆ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕੋਈ ਕੋਝੀ ਸਾਜ਼ਿਸ਼ ਕਰਨ ਦਾ ਮੌਕਾ ਹੀ ਨਾ ਮਿਲੇ। ਇਸੇ ਤਰਾਂ ਉਨ੍ਹਾਂ ਨੇ ਸਾਰੇ ਧਾਰਮਿਕ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਅਪੀਲ ਵੀ ਕੀਤੀ । ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜ਼ਿਲ੍ਹੇ ਦੇ ਕਰੀਬ 400 ਪਿੰਡਾਂ ਦੇ ਧਾਰਮਿਕ ਸਥਾਨਾਂ ਵਿਚ ਸੀ.ਸੀ.ਟੀ. ਕੈਮਰੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਪਿੰਡਾ ਵਿਚ ਜਲਦੀ ਤੋਂ ਜਲਦੀ ਸੀ.ਸੀ.ਟੀ.ਵੀ. ਕੈਮਰੇ ਲਗਵਾਂ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ/ ਸ਼ਹਿਰਾਂ ਵਿਚ ਧਾਰਮਿਕ ਸੰਸਥਾਨਾਂ ਦੀ ਰਾਖੀ ਲਈ ਖ਼ੁਦ ਅੱਗੇ ਆਉਣ ਅਤੇ ਧਾਰਮਿਕ ਸਥਾਨਾਂ ਦੇ ਸਪੀਕਰ ਦੀ ਗਲਤ ਵਰਤੋਂ ਨਾ ਹੋਣ ਦਿੱਤੀ ਜਾਵੇ।
ਜ਼ਿਲ੍ਹਾ ਪੁਲੀਸ ਮੁੱਖੀ ਸ.ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੁਆਇੰਟਾਂ ਤੇ ਵੀ ਸੀ.ਸੀ.ਟੀ.ਵੀ ਕੈਮਰੇ ਜਲਦ ਲਗਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੋਏ 16 ਕੇਸਾਂ ਵਿਚ 10 ਕੇਸਾ ਦਾ ਨਿਪਟਾਰਾ ਹੋ ਚੁੱਕਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਘਟਨਾ ਬਾਰੇ ਪਤਾ ਲਗਦਾ ਹੈ ਤੁਰੰਤ ਆਪਣੇ ਨਜ਼ਦੀਕ ਪੁਲੀਸ ਸਟੇਸ਼ਨ ਜਾਂ ਪੁਲੀਸ ਕੰਟਰੋਲ ਰੂਮ ਨੰਬਰ 100 ਤੇ ਸੂਚਿਤ ਕੀਤਾ ਜਾਵੇ ।
ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ.ਫਿਰੋਜਪੁਰ, ਮੈਡਮ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ.ਰਵਿੰਦਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਸ.ਸਰਬਜੀਤ ਸਿੰਘ ਛਾਬੜਾ, ਡਾ.ਸਤਿੰਦਰ ਸਿੰਘ, ਪਿੰਡਾਂ ਦੇ ਸਰਪੰਚ, ਆੜ੍ਹਤੀਆਂ ਐਸੋਸੀਏਸ਼ਨ, ਵਪਾਰ ਮੰਡਲ, ਧਾਰਮਿਕ, ਸਮਾਜਿਕ ਸੰਸਥਾਵਾਂ, ਸੰਗਠਨਾਂ, ਯੂਥ ਕਲੱਬਾਂ ਆਦਿ ਦੇ ਨੁਮਾਇੰਦਿਆਂ ਹਾਜਰ ਸਨ।