ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੱਟੇ ਗਏ 8 ਸਕੂਲੀ ਵਾਹਨਾਂ ਦੇ ਚਲਾਨ
ਫਿਰੋਜ਼ਪੁਰ 28 ਫਰਵਰੀ 2019 (ਹਰੀਸ਼ ਮੌਂਗਾ) ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵੱਲੋਂ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਲਾਕ ਗੁਰੂਹਰਸਹਾਏ ਵਿਖੇ ਜੀਸਅਸ ਮੈਰੀ ਕਾਨਵੈਂਟ ਸਕੂਲ, ਅਕਾਲ ਸਹਾਇ ਅਕੈਡਮੀ, ਖ਼ਾਲਸਾ ਮਿਸ਼ਨ ਅਕੈਡਮੀ, ਡੀ.ਏ.ਵੀ ਸੀਨੀ.ਸੰਕੈ.ਸਕੂਲ ਅਤੇ ਡੀ.ਸੀ.ਐਮ ਸੀਨੀ.ਸੰਕੈ.ਸਕੂਲ ਦੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਵਾਹਨਾਂ ਵਿੱਚ ਸੀ.ਸੀ.ਟੀ.ਵੀ.ਕੈਮਰਾ, ਸਪੀਡ ਗਵਰਨਰ ਅਤੇ ਫ਼ਸਟ ਐਂਡ ਬਾਕਸ ਨਹੀਂ ਸਨ, ਉਨ੍ਹਾਂ 8 ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ।
ਬਾਲ ਸੁਰੱਖਿਆ ਅਫ਼ਸਰ (ਐਨ.ਆਈ.ਸੀ) ਮੈਡਮ ਜਸਵਿੰਦਰ ਕੌਰ ਨੇ ਸਕੂਲ ਪ੍ਰਿੰਸੀਪਲਾਂ ਨੂੰ ਦੱਸਿਆ ਕਿ ਸਕੂਲ ਵਾਹਨਾਂ ਦੀ ਸੁਰੱਖਿਆ ਦੇ ਲਈ ਸਕੂਲ ਪ੍ਰਬੰਧਕ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਤੋਂ ਬਾਅਦ ਹੀ ਡਰਾਈਵਰਾਂ ਨੂੰ ਸਕੂਲ ਵਾਹਨਾਂ ਤੇ ਬੱਚੇ ਲੈ ਕੇ ਆਉਣ ਅਤੇ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਏ.ਐਸ.ਆਈ ਬਲਵਿੰਦਰ ਸਿੰਘ, ਸਤਨਾਮ ਸਿੰਘ , ਸ਼ਿਵ ਕੁਮਾਰ , ਰਮਨ ਕੁਮਾਰ ਅਤੇ ਨੰਦ ਲਾਲ ਵੱਲੋਂ ਸਕੂਲ ਦੇ ਪ੍ਰਿੰਸੀਪਲਾਂ ਅਤੇ ਡਰਾਈਵਰਾਂ ਨੂੰ ਕਿਹਾ ਗਿਆ ਕਿ ਬੱਚਿਆ ਦੀ ਸੁਰੱਖਿਆ ਦੀ ਸੁਰੱਖਿਆ ਲਈ ਉਨ੍ਹਾਂ ਦੀ ਟੀਮ ਵੱਲੋਂ ਇਹ ਚੈਕਿੰਗ ਨਿਰੰਤਰ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਵੀ ਸਕੂਲ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਪ੍ਰਤੀ ਅਣਗਹਿਲੀ ਵਰਤੇਗਾ, ਉਸ ਦੇ ਸਕੂਲ ਵਾਹਨਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਹਦਾਇਤਾਂ ਦੀ ਪਾਲਨਾ ਕਰਾਂਗੇ ਤਾਂ ਹੀ ਬੱਚਿਆ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।