ਹੱਕੀ ਮੰਗਾਂ ਦੇ ਸਬੰਧ 'ਚ ਬੇਰੁਜਗਾਰ ਲਾਈਨਮੈਨ ਯੂਨੀਅਨ ਨੇ ਕੀਤੀ ਵਿਸੇਸ਼ ਮੀਟਿੰਗ
ਹੱਕੀ ਮੰਗਾਂ ਦੇ ਸਬੰਧ 'ਚ ਬੇਰੁਜਗਾਰ ਲਾਈਨਮੈਨ ਯੂਨੀਅਨ ਨੇ ਕੀਤੀ ਵਿਸੇਸ਼ ਮੀਟਿੰਗ
ਜੇਕਰ ਜਲਦ ਮੰਗਾਂ ਨੂੰ ਸਰਕਾਰ ਨੇ ਪ੍ਰਵਾਨ ਨਾ ਕੀਤਾ ਤਾਂ ਕਰਾਂਗੇ ਸੰਘਰਸ਼ ਤੇਜ; ਯੂਨੀਅਨ
ਫਿਰੋਜ਼ਪੁਰ: ਬੇਰੁਜਗਾਰ ਲਾਈਨਮੈਨ ਯੂਨੀਅਨ ਦੀ ਇਕ ਮੀਟਿੰਗ ਕਮੇਟੀ ਘਰ ਫਿਰੋਜ਼ਪੁਰ ਸ਼ਹਿਰ ਪਾਰਕ ਵਿਖੇ ਹੋਈ | ਜਿਸ ਦੀ ਅਗਵਾਈ ਸ਼ਹਿਰੀ ਪ੍ਰਧਾਨ ਅਮਲੋਕ ਸਿੰਘ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਦੇਵ ਸਿੰਘ ਮਮਦੋਟ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਪਾਵਰਕਾਮ ਅੰਦਰ ਆਪਣੇ ਪੱਕੇ ਰੁਜਗਾਰ ਦੀ ਮੰਗ ਕਰਦੇ ਆ ਰਹੇ ਹਨ | ਜਿਸ ਦੇ ਤਹਿਤ ਯੂਨੀਅਨ ਦੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਦੀ ਮੌਜ਼ੂਦਾਂ ਸਰਕਾਰ ਨੇ ਜਨਵਰੀ 2011 ਵਿਚ ਬਿਜਲੀ ਮਹਿਕਮੇ ਵਿਚ 5 ਹਜ਼ਾਰ ਲਾਈਨਮੈਨ ਭਰਤੀ ਕਰਨ ਦਾ ਇਸ਼ਤਿਆਰ ਜਾਰੀ ਕੀਤਾ ਪਰ ਪੰਜਾਬ ਸਰਕਾਰ ਅਤੇ ਬੋਰਡ ਮਨੈਜ਼ਮੈਂਟ ਨੇ ਸਾਜ਼ਿਸ਼ ਤਹਿਤ ਸਿਰਫ ਇਕ ਹਜ਼ਾਰ ਲਾਈਨਮੈਨ ਭਰਤੀ ਕਰਕੇ ਬਾਕੀ ਰਹਿੰਦੇ 4 ਹਜ਼ਾਰ ਨੂੰ ਬੇਰੁਜਗਾਰੀ ਦੀ ਮਾਰ ਝੱਲਣ ਲਈ ਮਜਬੂਰ ਕਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਕਰੀਬ ਸਵਾਂ ਲੱਖ ਨੌਕਰੀਆਂ ਤੇ ਬਿਜਲੀ ਮਹਿਕਮੇ ਵਿਚ 40 ਹਜ਼ਾਰ ਨੌਕਰੀਆਂ ਦੀ ਗੱਲ ਕਰ ਰਹੇ ਹਨ, ਉਥੇ ਬੀਤੇ ਪੰਜ ਸਾਲਾਂ ਤੋਂ 4 ਹਜ਼ਾਰ ਲਾਈਨਮੈਨ ਆਪਣੇ ਨਿਯੁਕਤੀ ਮੱਤਰਾ ਲਈ ਸੰਘਰਸ਼ ਕਰਦੇ ਆ ਰਹੇ ਹਨ | ਉਨ੍ਹਾਂ ਨੇ ਕਿਹਾ ਕਿ 4 ਜਨਵਰੀ ਤੋਂ ਪਾਵਰਕਾਮ ਦੇ ਹੈਡ ਆਫਿਸ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਆਪਣੇ ਪੱਕਾ ਧਰਨਾ ਲਗਾਇਆ ਸੀ ਜੋ ਅੱਜ 42ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ, ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਨੇ ਕਿਹਾ ਕਿ ਪਟਿਆਲਾ ਪ੍ਰਸਾਸ਼ਨ ਵਲੋਂ ਮਸਲੇ ਦੇ ਹੱਲ ਵਾਸਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ 16 ਫਰਵਰੀ 2016 ਨੂੰ ਚੰਡੀਗੜ ਵਿਖੇ ਡਿਪਟੀ ਸੀ ਐਮ ਨਾਲ ਮੀਟਿੰਗ ਫਿਕਸ ਕਰਵਾਈ ਗਈ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਯੂਨੀਅਨ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਵੇਗੀ, ਜਿਸ ਦੀ ਜਿੰਮੇਵਾਰ ਸਰਕਾਰ ਹੋਏਗੀ | ਇਸ ਮੌਕੇ ਤੇ ਕਰਮਜੀਤ ਸਿੰਘ ਕੜਮਾਂ, ਰਾਜੇਸ਼ ਕੁਮਾਰ, ਰਵਿੰਦਰ ਸਿੰਘ, ਰਣਬੀਰ ਸਿੰਘ, ਅਨੂਪ ਕੁਮਾਰ, ਮੇਜਰ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ, ਹੇਮਰਾਜ, ਚਮਕੌਰ ਸਿੰਘ, ਟਹਿਲ ਸਿੰਘ , ਬਲਕਾਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ |