Ferozepur News
ਸ.ਜੋਗਿੰਦਰ ਸਿੰਘ ਜਿੰਦੂ ਤੇ ਡਿਪਟੀ ਕਮਿਸ਼ਨਰ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਸ.ਜੋਗਿੰਦਰ ਸਿੰਘ ਜਿੰਦੂ ਤੇ ਡਿਪਟੀ ਕਮਿਸ਼ਨਰ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਕਣਕ ਦੀ ਖ਼ਰੀਦ ਲਈ ਜ਼ਿਲ੍ਹੇ ਵਿਚ 131 ਖ਼ਰੀਦ ਕੇਂਦਰ ਕਾਇਮ ਕੀਤੇ ਗਏ ।
ਫਿਰੋਜ਼ਪੁਰ 12 ਅਪ੍ਰੈਲ ( ) ਸ.ਜੋਗਿੰਦਰ ਸਿੰਘ ਜਿੰਦੂ ਵਿਧਾਇਕ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫਿਰੋਜਪੁਰ ਛਾਉਣੀ, ਤਲਵੰਡੀ ਭਾਈ ਅਤੇ ਵੱਖ ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਜਿਲ੍ਹੇ ਵਿਚ ਕਣਕ ਦੀ ਖ਼ਰੀਦ ਲਈ 131 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ।
ਸ.ਜੋਗਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਸਮੂਹ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਲਿਫ਼ਟਿੰਗ, ਬਾਰਦਾਨੇ ਅਤੇ ਢੁਆਈ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂਦਾਰ ਜਗ੍ਹਾਂ ਅਤੇ ਬਿਜਲੀ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਖ਼ਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਵੱਲੋਂ 950 ਮੀਟਰਕ ਟਨ, ਮਾਰਕਫੈਡ ਵੱਲੋਂ 466 ਮੀਟਰਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 65 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 240 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 160 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਤੱਕ 1881 ਮੀ: ਟਨ ਕਣਕ ਆ ਚੁੱਕੀ ਹੈ ਜਿਸ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖ਼ਰੀਦ ਕੇਂਦਰਾਂ ਵਿੱਚ ਲੋੜੀਂਦਾ ਬਾਰਦਾਨਾ, ਕਰੇਟ ਅਤੇ ਪੋਲੀਥੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਖਰੀਦੀ ਗਈ ਕਣਕ ਦੀ ਢੋਆ ਢੁਆਈ ਲਈ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸਿਰਫ਼ ਸੁੱਕੀ ਕਣਕ ਹੀ ਲਿਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤੈਅ ਮਾਪ ਦੰਡਾਂ ਅਨੁਸਾਰ ਕਣਕ ਵਿੱਚ 12ਪ੍ਰਤੀਸ਼ਤ ਤੋਂ ਵੱਧ ਦੀ ਨਮੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਮ 10 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਵਾਉਣ 'ਤੇ ਪਾਬੰਦੀ ਲਗਾਈ ਗਈ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ.ਮਨਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ, ਸ.ਬਚਿੱਤਰ ਸਿੰਘ (ਮੌਰ) ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ, ਸ.ਰਣਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ ਸ੍ਰੀ ਨੰਦ ਕਿਸ਼ੋਰ ਗੂਗਨ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸ੍ਰੀ ਬ੍ਰਿਜ ਮੋਹਨ ਮਿੱਤਲ ਤੋਂ ਇਲਾਵਾ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜਰ ਸਨ ।