Ferozepur News
ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਤੇ ਗੁਰੂ ਹਰਸਹਾਏ ਰੇਲਵੇ ਸਟੇਸ਼ਨ ਤੇ ਆਪਣੀਆਂ ਹੱਕੀ ਮੰਗਾਂ ਲਈ ਦਿੱਤੇ ਧਰਨੇ
ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਤੇ ਗੁਰੂ ਹਰਸਹਾਏ ਰੇਲਵੇ ਸਟੇਸ਼ਨ ਤੇ ਆਪਣੀਆਂ ਹੱਕੀ ਮੰਗਾਂ ਲਈ ਦਿੱਤੇ ਧਰਨੇ
ਫ਼ਿਰੋਜ਼ਪੁਰ, 3.10.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਚ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 2 ਥਾਵਾਂ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ਤੇ ਗੁਰੂ ਹਰਸਹਾਏ ਰੇਲਵੇ ਸਟੇਸ਼ਨ ਉੱਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਧਰਨੇ ਲਗਾਏ ਗਏ।
ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਧਰਮ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਜੋ ਮੋਦੀ ਸਰਕਾਰ ਦੀ ਛਤਰ ਛਾਇਆ ਹੇਠ ਦੋਸ਼ੀ ਹੋਣ ਦੇ ਬਾਵਜੂਦ ਵੀ ਸ਼ਰੇਆਮ ਸਰਕਾਰੀ ਸਹੂਲਤਾਂ ਹੇਠ ਜੀਵਨ ਬਸਰ ਕਰ ਰਿਹਾ ਹੈ,ਜੋ ਕਿ ਦੇਸ਼ ਦੇ ਕਾਨੂੰਨ ਨਾਲ ਖਿਲਵਾੜ ਹੋਣ ਦੇ ਨਾਲ ਨਾਲ ਲੱਗਦਾ ਹੈ ਕਿ ਆਪਣੇ ਇਸ ਦੇਸ਼ ਵਿੱਚ ਅਮੀਰਾਂ ਲਈ ਹੋਰ ਕਾਨੂੰਨ ਤੇ ਆਮ ਲੋਕਾਂ ਲਈ ਹੋਰ ਕਾਨੂੰਨ ਹੋਵੇ।
ਕਿਸਾਨ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਮੁਲਜ਼ਮ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ 120B ਦੇ ਪਰਚੇ ਵਿੱਚ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਨਿਰਦੋਸ਼ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਰਿਹਾਅ ਕੀਤੇ ਜਾਣ ਤੇ ਬਿਜਲੀ ਵੰਡ ਕਾਨੂੰਨ 2022 ਦਾ ਨੋਟੀਫਿਕੇਸ਼ਨ ਰੱਦ ਕਰਕੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਕੇਂਦਰ ਤੇ ਪੰਜਾਬ ਸਰਕਾਰ ਬਣਾਵੇ, ਪਰਾਲੀ ਦੀ ਸੰਭਾਲ ਲਈ 100% ਸਬਸਿਡੀ ਤੇ ਸੰਦ ਦਿਤੇ ਜਾਣ ਜਾਂ 7 ਹਜ਼ਾਰ ਪ੍ਰਤੀ ਏਕੜ ਦਿੱਤਾ ਜਾਵੇ, ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ ਨਾ ਕਿ ਕੋਈ ਸ਼ੌਕ ਹੈ, ਝੋਨੇ ਦੀ ਖ਼ਰੀਦ ਉੱਤੇ ਲਾਈ 23 ਕੁਇੰਟਲ ਦੀ ਸ਼ਰਤ ਹਟਾਈ ਜਾਵੇ, ਹੜ੍ਹਾਂ ਤੇ ਬੇਮੌਸਮੀ ਬਾਰਸ਼ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ, ਕਿਸਾਨ ਅੰਦੋਲਨਾਂ ਦੌਰਾਨ ਕਿਸਾਨ ਆਗੂਆਂ ਤੇ ਪਾਏ ਸਾਰੇ ਕੇਸ ਰੱਦ ਕੀਤੇ ਜਾਣ, ਬਾਜ਼ਾਰ ਵਿੱਚ ਖ਼ਾਦ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈ ਜਾਵੇ, ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਜਾਵੇ ਤੇ ਆਮ ਲੋਕਾਂ ਦੀ ਦਫਤਰਾਂ ਵਿੱਚ ਹੁੰਦੀ ਖੱਜਲਖੁਆਰੀ ਨੂੰ ਬੰਦ ਕਰਕੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ।
ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੇਲ ਸਿੰਘ ਫੱਤੇਵਾਲਾ ਵਾਲਾ, ਸਾਹਿਬ ਸਿੰਘ ਦੀਨੇਕੇ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਭੇਜ ਸਿੰਘ ਫੇਮੀਵਾਲਾ, ਖਿਲਾਰਾ ਸਿੰਘ ਆਸਲ, ਸੁਰਜੀਤ ਸਿੰਘ ਫੌਜੀ, ਹਰਨੇਕ ਸਿੰਘ ਕਮਾਲਾ ਬੋਤਲਾਂ, ਬਚਿੱਤਰ ਸਿੰਘ ਦੂਲੇ ਵਾਲਾ,ਮੰਗਲ ਸਿੰਘ ਸਵਾਈਕੇ, ਗੁਰਦਿਆਲ ਸਿੰਘ ਟਿੱਬੀ ਕਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।