ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸੈਂਪਲ ਲੈਣ ਦੀ ਮੁਹਿੰਮ ਤੇਜ
ਡਰੋਲੀ ਭਾਈ ਬਲਾਕ 'ਚ ਬਾਹਰਲੇ ਸੂਬਿਆਂ ਤੋਂ ਆਏ ਕੰਬਾਈਨ ਚਾਲਕਾਂ/ਹੈਲਪਰਾਂ ਦੇ 20 ਸੈਂਪਲ ਲਏ
ਮੋਗਾ, 23 ਅਪਰੈਲ – ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਹੁਕਮਾਂ ‘ਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸੈਂਪਲ ਲੈਣ ‘ਚ ਤੇਜੀ ਲਿਆਦੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਟੈਸਟ ਹੋ ਸਕਣ। ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਵੱਲੋਂ ਸਿਵਲ ਹਸਪਤਾਲ ਮੋਗਾ, ਸੀ.ਐਚ.ਸੀ. ਬਾਘਾਪੁਰਾਣਾ ਤੇ ਸੀ.ਐਚ.ਸੀ. ਡਰੋਲੀ ਭਾਈ ਨੂੰ ਰੋਜ਼ਾਨਾ 20-20 ਸੈਂਪਲਾਂ ਅਤੇ ਸੀ.ਐਚ.ਸੀ. ਬੱਧਨੀ ਕਲਾਂ, ਸੀ.ਐਚ.ਸੀ. ਨਿਹਾਲ ਸਿੰਘ ਵਾਲਾ, ਸੀ.ਐਚ.ਸੀ. ਕੋਟ ਈਸੇ ਖਾਂ ਤੇ ਸੀ.ਐਚ.ਸੀ. ਢੁੱਡੀਕੇ ਨੂੰ 15-15 ਸੈਂਪਲਾਂ ਦਾ ਟਾਰਗੇਟ ਦਿੱਤਾ ਗਿਆ ਹੈ।
ਸਿਹਤ ਵਿਭਾਗ ਦੇ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ਼ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸਿਹਤ ਬਲਾਕ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਗਿੱਲ ਦੇ ਹੁਕਮਾਂ ‘ਤੇ ਡਾ ਅਰਸ਼ਿਕਾ ਗਰਗ ਮੈਡੀਕਲ ਅਫਸਰ, ਹਰਮੀਤ ਸਿੰਘ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਤੇ ਰਾਮ ਸਿੰਘ ਸਿਹਤ ਵਰਕਰ ‘ਤੇ ਆਧਾਰਿਤ ਟੀਮ ਵੱਲੋਂ ਪਿੰਡ ਦੌਲਤਪੁਰਾ ਵਿਖੇ 20 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਹਨਾਂ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੇ ਉਤਰਾਖੰਡ ਆਦਿ ਸੂਬਿਆਂ ‘ਚ ਕਣਕ ਦੀ ਕਟਾਈ ਕਰਕੇ ਕੰਬਾਈਨਾਂ ‘ਤੇ ਵਾਪਸ ਆਏ ਸਨ ਜਦਕਿ ਕੁਝ ਕੁ ਵਿਅਕਤੀ ਹਰਿਦੁਆਰ ਦੀ ਯਾਤਰਾ ਕਰਕੇ ਮੁੜੇ ਸਨ। ਸਿਹਤ ਸੁਪਰਵਾਈਜ਼ਰ ਪਿਆਰੇ ਲਾਲ ਵੱਲੋਂ ਉਕਤ ਵਿਅਕਤੀਆਂ ਨੂੰ ਬੁਲਾ ਕੇ ਟੈਸਟ ਕਰਵਾਏ ਗਏ।
ਡਾ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਕੋਵਿਡ-19 ਟੈਸਟਿੰਗ ਲੈਬਾਰਟਰੀ ਸ਼ੁਰੂ ਹੋਣ ਨਾਲ ਮਾਲਵੇ ਦੇ ਕਈ ਜਿਲ੍ਹਿਆਂ ਨੂੰ ਲਾਭ ਹੋਵੇਗਾ, ਜਿਨ੍ਹਾਂ ‘ਚ ਮੋਗਾ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਟੈਸਟ ਕਰਨ ਨਾਲ ਕੋਵਿਡ-19 ਦੇ ਅਜਿਹੇ ਸ਼ੱਕੀ ਮਰੀਜਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਨੂੰ ਕੋਵਿਡ-19 ਦਾ ਕੋਈ ਲੱਛਣ ਨਹੀਂ ਹੁੰਦਾ ਤੇ ਉਹ ਕਿਸੇ ਵੀ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਨੂੰ ਕੋਵਿਡ-19 ਪੀੜਤ ਬਣਾ ਸਕਦੇ ਹਨ।
ਕੈਪਸ਼ਨ: ਪਿੰਡ ਦੌਲਤਪੁਰਾ ਨੀਵਾਂ ਵਿਖੇ ਇਕ ਵਿਅਕਤੀ ਦਾ ਸੈਂਪਲ ਲੈਂਦੇ ਹੋਏ ਸਿਹਤ ਬਲਾਕ ਡਰੋਲੀ ਭਾਈ ਦੀ ਟੀਮ।