Ferozepur News
ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਸਟਰੋਕ ਨੂੰ ਰੋਕ ਸਕਦੇ ਹਾਂ”-ਸਿਵਲ ਸਰਜਨ
ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਸਟਰੋਕ ਨੂੰ ਰੋਕ ਸਕਦੇ ਹਾਂ”-ਸਿਵਲ ਸਰਜਨ
ਫਿਰੋਜ਼ਪੁਰ 29 ਅਕਤੂਬਰ, 2022: ਸਟਰੋਕ ਇੱਕ ਮੈਡੀਕਲ ਐਂਮਰਜੰਸੀ ਵਾਲੀ ਸਥਿਤੀ ਹੈ।ਇਸ ਵਿੱਚ ਦਿਮਾਗ ਦੇ ਇੱਕ ਹਿੱਸੇ ਨੂੰ ਖੂਣ ਦੀ ਸਪਲਾਈ ਵਿੱਚ ਰੁਕਾਵਟ ਆ ਜਾਂਦੀ ਹੈ ਅਤੇ ਬ੍ਰੇਨ ਦੇ ਟਿਸ਼ੂਆਂ ਨੂੰ ਆਕਸੀਜਨ ਅਤੇ ਪੋਸ਼ਣ ਨਹੀਂ ਮਿਲ ਪਾਉਂਦਾ।ਅਜਿਹੀ ਸਥਿਤੀ ਵਿੱਚ ਸਮੇਂ ਸਿਰ ਮਿਲੀ ਢੁਕਵੀਂ ਡਾਕਟਰੀ ਸਹਾਇਤਾ ਮਰੀਜ਼ ਦੀ ਜਾਨ ਅਤੇ ਅੰਗ ਭੰਗ ਹੋਣ ਤੋਂ ਬਚਾ ਸਕਦੀ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਵਿਸ਼ਵ ਸਟਰੋਕ ਦਿਵਸ ਨੂੰ ਸਮਰਪਿਤ ਇੱਕ ਸਿਹਤ ਸੁਨੇਹੇ ਵਿਚ ਕੀਤਾ।
ਉਨ੍ਹਾਂ ਖੁਲਾਸਾ ਕੀਤਾ ਕਿ ਚੇਹਰੇ,ਲੱਤਾਂ ਬਾਹਾਂ ਦੇ ਸੰਤੁਲਣ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ,ਬੋਲਣ,ਸਮਝਣ ਅਤੇ ਦੇਖਣ ਆਦਿ ਵਿੱਚ ਦਿੱਕਤ ਸਟਰੋਕ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।ਅਜਿਹੀ ਸਥਿਤੀ ਵਿੱਚ ਡਾਕਟਰੀ ਸਲਾਹ ਬਹੁਤ ਅਹਿਮ ਰੋਲ ਅਦਾ ਕਰ ਸਕਦੀ ਹੈ।
ਉਹਨਾਂ ਇਹ ਵੀ ਕਿਹਾ ਕਿ ਸਟਰੋਕ ਲਾਈਫ ਸਟਾਈਲ ਦੀ ਬੀਮਾਰੀ ਹੈ ਅਤੇ ਸਿਹਤਮੰਦ ਜੀਵਨ ਜਾਚ ਅਪਣਾ ਕੇ ਸਟਰੋਕ ਨੂੰ ਰੋਕਿਆ ਜਾ ਸਕਦਾ ਹੈ। ਰੈਗੂਲਰ ਸ਼ਰੀਰਕ ਕਸਰਤ ਅਤੇ ਉਚਿਤ ਖਾਣਪਾਣ ਨਾਲ ਆਪਣਾ ਵਜ਼ਨ ਨਿਯੰਤਰਿਤ ਕਰਕੇ,ਆਪਣਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਕਰਕੇ,ਸਿਗਰੇਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਕੇ ਸਟਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੇ ਸ਼ਰੀਰ ਦਾ ਮੁਕੰਮਲ ਚੈੱਕਅਪ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਹ ਮੁਫਤ ਉਪਲੱਬਧ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਟਰੋਕ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ,ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ,ਜ਼ਿਲ੍ਹਾ ਹਸਪਤਾਲ ਜਲੰਧਰ, ਜ਼ਿਲ੍ਹਾ ਹਸਪਤਾਲ ਬਠਿੰਡਾ, ਜ਼ਿਲ੍ਹਾ ਹਸਪਤਾਲ ਲੁਧਿਆਣਾ ਵਿਖੇ ਵੀ ਕੀਤਾ ਜਾਂਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਸੁਸ਼ਮਾ ਟੱਕਰ,ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ,ਸੀਨੀਅਰ ਸਹਾਇਕ ਪਰਮਵੀਰ ਮੌਂਗਾ,ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ,ਸਟੈਨੋ ਟੂ ਸਿਵਲ ਸਰਜਨ ਵਿਕਾਸ ਕਾਲੜਾ ਅਤੇ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਅਤੇ ਅਸ਼ੀਸ਼ ਭੰਡਾਰੀ ਵੀ ਹਾਜ਼ਰ ਸਨ।