ਸ਼ਹੀਦ ਊਧਮ ਸਿੰਘ ਦੇ ਸੰਕਲਪ ਪੂਰਤੀ ਦਿਹਾੜੇ ‘ਤੇ ਰਾਸ਼ਟਰੀ ਕਵੀ ਦਰਬਾਰ
ਸ਼ਹੀਦ ਊਧਮ ਸਿੰਘ ਦੇ ਸੰਕਲਪ ਪੂਰਤੀ ਦਿਹਾੜੇ ‘ਤੇ ਰਾਸ਼ਟਰੀ ਕਵੀ ਦਰਬਾਰ
ਫ਼ਿਰੋਜ਼ਪੁਰ 13 ਮਾਰਚ 2020 : ਭਾਰਤੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ 13 ਅਪ੍ਰੈਲ 1919 ਨੂੰ ਵਾਪਰੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਦਾ ਸੰਕਲਪ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਲਿਆ ਅਤੇ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਉਸ ਦੁਖਦਾਈ ਸਾਕੇ ਤੋਂ ਵੀਹ ਸਾਲ ਗਿਆਰਾਂ ਮਹੀਨੇ ਬਾਅਦ ਆਪਣੀ ਕਸਮ ਨੂੰ ਪੂਰਾ ਕੀਤਾ। ਇਸ ਸੰਕਲਪ ਪੂਰਤੀ ਦਿਹਾੜੇ ‘ਤੇ ਸ਼ਹੀਦੇ ਵਤਨ ਯੂਥ ਆਰਗੇਨਾਈਜੇਸ਼ਨ ਫ਼ਿਰੋਜ਼ਪੁਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇਵ ਸਮਾਜ ਕਾਲਜ ਦੇ ਸਹਿਯੋਗ ਨਾਲ ਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਪਦਮ ਸ਼੍ਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ, ਕਾਲਜ ਦੀ ਪ੍ਰਿੰਸੀਪਲ ਨਵਦੀਪ ਕੌਰ, ਸ਼ਹੀਦੇ ਵਤਨ ਯੂਥ ਆਰਗੇਨਾਈਜੇਸ਼ਨ ਦੇ ਆਗੂਆਂ ਗੁਰਭੇਜ ਸਿੰਘ ਟਿੱਬੀ, ਗੁਰਨਾਮ ਸਿੱਧੂ, ਮਲਕੀਅਤ ਸਿੰਘ, ਗੁਰਿੰਦਰ ਸਿੰਘ, ਜਸਪਾਲ ਹਾਂਡਾ, ਹਰਿੰਦਰ ਭੁੱਲਰ, ਗੁਰਚਰਨ ਸਿੰਘ ਥਿੰਦ, ਜਸਵੀਰ ਜੋਸਨ, ਅਵਤਾਰ ਜੋਸਨ, ਮਨਿੰਦਰ ਸਿੰਘ ਮਨੀ, ਦਵਿੰਦਰ ਕਮੱਗਰ , ਪਿੰਕਾ ਨਾਗਪਾਲ ਅਤੇ ਸਮੂਹ ਸ਼ਾਇਰਾਂ ਵੱਲੋਂ ਜੋਤੀ ਜਗਾਉਣ ਅਤੇ ਸ਼ਹੀਦ ਦੀ ਤਸਵੀਰ ਤੇ ਫੁੱਲ ਭੇਂਟ ਕਰਨ ਨਾਲ ਸਮਾਗਮ ਦਾ ਆਰੰਭ ਹੋਇਆ।
ਜਨਾਬ ਸੁਰਜੀਤ ਪਾਤਰ ਦੇ ਨਾਲ ਸ਼ਾਇਰ ਜਸਵੰਤ ਜ਼ਫ਼ਰ, ਜਸਪਾਲ ਘਈ,ਗੁਰਤੇਜ ਕੋਹਾਰਵਾਲਾ, ਸੁਰਜੀਤ ਜੱਜ ,ਅਨਿਲ ਆਦਮ ਅਤੇ ਕਾਲਜ ਪ੍ਰਿੰਸੀਪਲ ਨਵਦੀਪ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਉੱਘੇ ਗੀਤਕਾਰ ਅਤੇ ਐਂਕਰ ਗੁਰਨਾਮ ਸਿੱਧੂ ਨੇ ਆਏ ਹੋਏ ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ।ਉਪਰੰਤ ਦੇਵ ਸਮਾਜ ਕਾਲਜ ਫਾਰ ਵੂਮੈਨ ਵੱਲੋਂ ਸੁਰਜੀਤ ਪਾਤਰ ਨੂੰ ਫੁਲਕਾਰੀ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਸ਼ਾਇਰ ਹਰਮੀਤ ਵਿਦਿਆਰਥੀ ਨੇ ਸ਼ਬਦ ਦੀ ਸ਼ਕਤੀ, ਮਨੁੱਖੀ ਜ਼ਿੰਦਗੀ ਵਿੱਚ ਕਵਿਤਾ ਦੀ ਮਹਤੱਤਾ ਦੱਸਦਿਆਂ ਕੁਲਦੀਪ ਜਲਾਲਾਬਾਦ ਨੂੰ ਕਵਿਤਾ ਪੜ੍ਹਨ ਦਾ ਸੱਦਾ ਦਿੱਤਾ।ਅਜ਼ਾਦੀ ਦੀ ਲੜਾਈ ਦੇ ਪ੍ਰਤੀਕਾਂ ਨੂੰ ਅੱਜ ਨਾਲ ਜੋੜਦਿਆਂ ਕੁਲਦੀਪ ਨੇ ਕਵਿਤਾ ਰਾਹੀਂ ਸਮਾਜ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ। ਰਾਜੀਵ ਖ਼ਯਾਲ ਨੇ ਹਨੇਰੇ ਸਮਿਆਂ ਵਿੱਚ ਸੂਰਜ ਦੀ ਲੋੜ ਤੇ ਜ਼ੋਰ ਦਿੱਤਾ।
ਪ੍ਰਮੋਦ ਕਾਫ਼ਿਰ ਦੀ ਗ਼ਜ਼ਲ ਦੀ ਜ਼ੁਬਾਨ ਵਿੱਚ ਕਿਹਾ ”
ਨਟੀ ਨੂੰ ਸਭ ਪਤੈ ਪਰਚਮ ਕਿਸੇ ਵੀ ਰੰਗ ਦਾ ੲੇ,
ਲਹੂ ਹੀ ਮੰਗਦਾ ੲੇ,
ਤੇ ਕਿਹੜਾ ਰੰਗ ਰੂਹਾਂ ਰੰਗੀਅਾਂ ਦੇ ਹਾਣ ਦਾ ੲੇ,
ਨਟੀ ਨੂੰ ਸਭ ਪਤਾ ੲੇ। ”
ਸੁਖਜਿੰਦਰ ਫ਼ਿਰੋਜ਼ਪੁਰ ਬੁਨਿਆਦੀ ਤੌਰ ਤੇ ਆਲੋਚਕ ਹੈ ।ਉਸਦੀ ਕਵਿਤਾ ਸਮਾਜ ਵਿੱਚ ਪੱਸਰੀ ਗੰਦਗੀ ਦੀ ਆਲੋਚਨਾ ਕਰਕੇ ਗੰਦਗੀ ਦੂਰ ਕਰਨ ਦੇ ਰਸਤੇ ਵੱਲ ਇਸ਼ਾਰਾ ਕਰ ਰਹੀ ਸੀ।ਮਨਜੀਤ ਕੌਰ ਆਜ਼ਾਦ ਦਾ ਨਾਰੀ ਵਿਦਿਆਰਥਣਾਂ ਨਾਲ ਸੰਵਾਦ ਰਚਾ ਰਿਹਾ ਸੀ।ਕੈਨੇਡਾ ਤੋਂ ਆਇਆ ਸ਼ਾਇਰ ਜਗਜੀਤ ਸੰਧੂ ਤਰਨੁੰਮ ਵਿੱਚ ਹੋਕਾ ਦੇ ਰਿਹਾ ਸੀ
ਸਭ ਰਲ ਕੇ ਵਸੀਤ ਕਰੋ
ਖੋਲੋ ਦਿਲ ਦੇ ਦਰਵਾਜ਼ੇ
ਬੰਦ ਮੰਦਰ ਮਸੀਤ ਕਰੋ
ਨਵੇਂ ਮੁਹਾਵਰੇ ਅਤੇ ਸੰਵੇਦਨਾ ਦੇ ਸ਼ਾਇਰ ਅਨਿਲ ਆਦਮ ਨੇ ਬਿਸ਼ਨਾ ਡੀ.ਸੀ. ਅਤੇ ਦਾਤਾ ਸਭ ਦਾ ਭਲਾ ਕਰੇ ਵਰਗੀਆਂ ਨਜ਼ਮਾਂ ਨਾਲ ਕਵੀ ਦਰਬਾਰ ਦਾ ਗ੍ਰਾਫ਼ ਉੱਚਾ ਚੁੱਕ ਦਿੱਤਾ।ਜੰਮੂ ਤੋਂ ਆਏ ਸਵਾਮੀ ਅੰਤਰ ਨੀਰਵ ਦੀਆਂ ਕਵਿਤਾਵਾਂ ਸਰੋਤਿਆਂ ਨੂੰ ਰੂਹ ਤੱਕ ਸਰਸ਼ਾਰ ਕਰ ਰਹੀਆਂ ਸਨ। ਸਵਾਮੀ ਨੀਰਵ ਨੇ ਪੰਜਾਬੀ ਦੇ ਨਾਲ ਨਾਲ ਪਹਾੜੀ ਰੰਗ ਦੀ ਸ਼ਾਇਰੀ ਵੀ ਪੇਸ਼ ਕੀਤੀ। ਪ੍ਰੋ ਜਸਪਾਲ ਘਈ ਨੇ ਭਾਵਪੂਰਤ ਗ਼ਜ਼ਲਾਂ ਅਤੇ ਨਜ਼ਮਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਰਮੀਤ ਵਿਦਿਆਰਥੀ ਨੇ ਟੱਪਿਆਂ ਅਤੇ ਸ਼ੇਅਰਾਂ ਰਾਹੀਂ ਅਜੋਕੇ ਪੰਜਾਬ ਦੀ ਕਥਾ ਛੇੜੀ । ਪ੍ਰੋ.ਸੁਰਜੀਤ ਜੱਜ ਆਪਣੀ ਸ਼ਾਇਰੀ ਰਾਹੀਂ ਸ਼ਹੀਦਾਂ ਦੇ ਅਧੂਰੇ ਦੀ ਕਹਾਣੀ ਕਹਿ ਰਿਹਾ ਸੀ। ਗੁਰਤੇਜ ਕੋਹਾਰਵਾਲਾ ਦੇ ਸ਼ੇਅਰ ਜਿੱਥੇ ਪੰਜਾਬੀ ਗ਼ਜ਼ ਦੀ ਬੁਲੰਦੀ ਦਰਸਾ ਰਹੇ ਸਨ ਉੱਥੇ ਮਨੁੱਖੀ ਮਨ ਦੀਆਂ ਗੁੰਝਲਾਂ ਖੋਹਲਣ ਦਾ ਯਤਨ ਕਰ ਰਹੇ ਸਨ । ਜਸਵੰਤ ਜ਼ਫ਼ਰ ਦੀ ਕਵਿਤਾ ਇੱਕੀ ਸਾਲ ਆਪਣੇ ਪ੍ਰਣ ਤੇ ਕਾਇਮ ਰਹਿਣ ਵਾਲੇ ਊਧਮ ਸਿੰਘ ਅਤੇ ਉਸਦੇ ਮੁਰਸ਼ਦ ਸਦਾ ਭਰ ਜਵਾਨ ਰਹਿਣ ਵਾਲੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਸੀ।
ਹੁਣ ਵਾਰੀ ਪੰਜਾਬੀ ਕਵਿਤਾ ਦੀ ਸਿਖ਼ਰ ਦੁਪਹਿਰ ਸੁਰਜੀਤ ਪਾਤਰ ਹੁਰਾਂ ਦੀ ਸੀ । ਉਹਨਾਂ ਨੇ ਸ਼ਹੀਦੇ ਵਤਨ ਯੂਥ ਆਰਗੇਨਾਈਜੇਸ਼ਨ ਅਤੇ ਦੇਵ ਸਮਾਜ ਕਾਲਜ ਨੂੰ ਉਨ੍ਹਾਂ ਦੇ ਇਸ ਖ਼ੂਬਸੂਰਤ ਸਮਾਗਮ ਲਈ ਮੁਬਾਰਕਬਾਦ ਦਿੱਤੀ। ਟਿਕੀ ਦੁਪਹਿਰ ਵਿੱਚ ਸੁਰਜੀਤ ਪਾਤਰ ਦੀ ਬੰਸਰੀ ਜਿਹੀ ਆਵਾਜ਼ ਤੈਰ ਰਹੀ ਸੀ
ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਨ ਸੀ ਝੱਖੜਾਂ ‘ਚ ਵੀ ਡੋਲਿਆ
ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ
ਮੇਰਾ ਤਾਜ ਮਿੱਟੀ ‘ਚ ਰੁਲ ਗਿਆ
ਤੇ
ਮੇਰੇ ਅੰਦਰ ਅਵਾਜ਼ਾਂ ਤਾਂ ਹਨ ਬੇਪਨਾਹ
ਮੇਰੇ ਮੱਥੇ ‘ਚ ਪਰ ਅਕਲ ਦਾ ਤਾਨਾਸ਼ਾਹ
ਸਭ ਅਵਾਜ਼ਾਂ ਸੁਣੂੰ ਕੁਝ ਚੁਣੂੰ ਫਿਰ ਬੁਣੂੰ
ਫਿਰ ਬਿਆਨ ਆਪਣਾ ਕੋਈ ਜਾਰੀ ਕਰੂ
ਕਵੀ ਦਰਬਾਰ ਤੋਂ ਬਾਅਦ ਕਾਲਜ ਦੀ ਵਿਦਿਆਰਥਣ ਅਮਨ ਸ਼ਰਮਾ ਨੇ ਆਪਣੀ ਜ਼ਿੰਦਗੀ ਤੇ ਸਾਹਿਤ ਦਾ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਵੀ ਦਰਬਾਰ ਬਾਰੇ ਆਪਣੀ ਰਾਏ ਸਰੋਤਿਆਂ ਨਾਲ ਸਾਂਝੀ ਕੀਤੀ।ਗੁਰਭੇਜ ਟਿੱਬੀ, ਗੁਰਨਾਮ ਸਿੱਧੂ, ਮਲਕੀਅਤ ਸਿੰਘ, ਗੁਰਚਰਨ ਸਿੰਘ ਥਿੰਦ, ਜਸਪਾਲ ਹਾਂਡਾ, ਹਰਿੰਦਰ ਭੁੱਲਰ, ਮਨੀ ਸਰਪੰਚ, ਜਸਵੀਰ ਜੋਸਨ, ਪਿੰਕਾ ਨਾਗਪਾਲ, ਦਵਿੰਦਰ ਕਮੱਗਰ,ਆਦਿ ਨੇ ਸੰਸਥਾ ਵੱਲੋਂ ਸਮੂਹ ਸ਼ਾਇਰਾਂ ਦਾ ਸਨਮਾਨ ਕੀਤਾ।ਮੈਡਮ ਨਰਿੰਦਰ ਕੌਰ ਅਤੇ ਪਰਮਵੀਰ ਗੋਂਦਾਰਾ ਨੇ ਸਮੂਹ ਸ਼ਾਇਰਾਂ ਸਰੋਤਿਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਕਰੀਬ ਤਿੰਨ ਘੰਟੇ ਚੱਲੇ ਸਮਾਗਮ ਵਿੱਚ ਅਮਰਜੀਤ ਸਨੇਰਵੀ,ਜਸਵਿੰਦਰ ਸਿੰਘ ਸੰਧੂ ਪ੍ਰਧਾਨ ਭਗਤ ਸਿੰਘ ਰਾਜਗੁਰੂ ਸੁਖਦੇਵ ਫਾਊਂਡੇਸ਼ਨ, ਪ੍ਰਮਿੰਦਰ ਥਿੰਦ ਪ੍ਰਧਾਨ ਪ੍ਰੈਸ ਕਲੱਬ ,ਪਲਵਿੰਦਰ ਪੱਲੂ,ਆਜ਼ਾਦਵਿੰਦਰ ਸਿੰਘ, ਮੰਗਤ ਰਾਮ ਤਨਜੀਤ ਬੇਦੀ,ਬਿਮਲੇਸ਼ ਕੌਰ,ਪ੍ਰੋ.ਚਰਨਜੀਤ ਕੌਰ,ਪ੍ਰੋ.ਮਨਜੀਤ ਕੌਰ, ਪ੍ਰੋ.ਗੁਰਪ੍ਰੀਤ ਕੌਰ ਅਤੇ ਪ੍ਰੋ ਬਲਜਿੰਦਰ ਸਿੰਘ ਅਤੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਸ਼ਾਮਲ ਹੋਏ।