Ferozepur News

ਲਾਕਡਾਉਨ ਕਾਰਨ ਸਿੱਖਿਆ ਢਾਂਚੇ ਦੀ ਬਦਲੀ ਤਸਵੀਰ – ਡਾ. ਸਤਿੰਦਰ ਸਿੰਘ, ਪੀ ਈ ਐੱਸ

ਆਨਲਾਈਨ ਸਿੱਖਿਆ ਤੇ ਨਿਰਭਰ ਹੋਇਆ ਵਿਦਿਆਰਥੀ ਵਰਗ

ਲਾਕਡਾਉਨ ਕਾਰਨ ਸਿੱਖਿਆ ਢਾਂਚੇ ਦੀ ਬਦਲੀ ਤਸਵੀਰ ।

ਆਨਲਾਈਨ ਸਿੱਖਿਆ ਤੇ ਨਿਰਭਰ ਹੋਇਆ ਵਿਦਿਆਰਥੀ ਵਰਗ ।

ਲਾਕਡਾਉਨ ਕਾਰਨ ਸਿੱਖਿਆ ਢਾਂਚੇ ਦੀ ਬਦਲੀ ਤਸਵੀਰ - ਡਾ. ਸਤਿੰਦਰ ਸਿੰਘ, ਪੀ ਈ ਐੱਸ

 

ਕੋਵਿਡ-19 ਦੇ ਕਾਰਨ ਪੂਰੇ ਵਿਸ਼ਵ ਵਿੱਚ ਸਮਾਜਿਕ ,ਆਰਥਿਕ ,ਸੱਭਿਆਚਾਰਕ ,ਸਿਹਤ ਸੇਵਾਵਾਂ ਅਤੇ ਵਾਤਾਵਰਨ ਪੱਖੋਂ ਵੱਡੀ ਤਬਦੀਲੀ ਨਜ਼ਰ ਆ ਰਹੀ ਹੈ ,ਉਥੇ ਦੇਸ਼ ਦੇ ਸਿੱਖਿਆ ਢਾਂਚੇ ਦੀ ਵੀ ਬਦਲੀ ਤਸਵੀਰ ਸਾਹਮਣੇ ਆਈ ਹੈ ।
ਸਿੱਖਿਆ ਗ੍ਰਹਿਣ ਕਰਨ ਦਾ ਤਰੀਕਾ ਆਫਲਾਈਨ (ਕਲਾਸਰੂਮ )ਤੋਂ ਆਨਲਾਈਨ ਵਿੱਚ ਤਬਦੀਲ ਹੋ ਗਿਆ ਹੈ। ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਵਰਗ ਦੇ ਮਨ ਵਿੱਚ ਅਨੇਕਾਂ ਪ੍ਰਸ਼ਨ ਪੈਦਾ ਹੋ ਰਹੇ ਹਨ । ਜਿਵੇਂ ਕਿ ਲਾਕਡਾਉਨ ਵਾਰ ਵਾਰ ਵੱਧ ਹੈ ? ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ? ਪ੍ਰੀਖਿਆਵਾ ਅਧੂਰੀਆ ਰਹਿ ਗਈਆਂ ? ਪੂਰੀਆਂ ਕਿਤਾਬਾਂ ਨਹੀ ਮਿਲ ਰਹੀਆਂ ? ਅਗਲੇ ਵਿਦਿਅਕ ਸੈਸ਼ਨ ਨੂੰ ਸ਼ੁਰੂ ਹੋਣ’ਚ ਹੋਰ ਕਿੰਨਾ ਸਮਾਂ ਲੱਗੇਗਾ ? ਅਜਿਹੇ ਪ੍ਰਸ਼ਨਾਂ ਤੋਂ ਇਲਾਵਾ ਅਨੇਕਾਂ ਹੋਰ ਨਾਕਾਰਾਤਮਕ ਵਿਚਾਰ ਵੀ ਇਸ ਦੌਰ ਵਿੱਚ ਆ ਰਹੇ ਹਨ। ਅਜਿਹੇ ਪ੍ਰਸ਼ਨਾਂ ਦਾ ਜਵਾਬ ਦੇਣਾ ਅਤੇ ਨਾਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ ਵਿੱਚ ਬਦਲਣਾ ਸਮੇਂ ਦੀ ਵੱਡੀ ਜ਼ਰੂਰਤ ਹੈ ।
ਜ਼ਿੰਦਗੀ ਦੇ ਵਿੱਚ ਹਰ ਵੱਡੀ ਸਮੱਸਿਆ ਇਨਸਾਨ ਨੂੰ ਵੱਡਾ ਤਜਰਬਾ ਅਤੇ ਸਬਕ ਦਿੰਦੀ ਹੈ ।ਇਨਸਾਨ ਉਸੇ ਸਬਕ ਦੇ ਆਧਾਰ ਤੇ ਅਨੇਕਾਂ ਸਮੱਸਿਆਵਾਂ ਦਾ ਹੌਸਲੇ ਨਾਲ ਸਾਹਮਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਹੱਲ ਵੀ ਕਰਦਾ ਹੈ ।ਕੋਵਿਡ -19 ਦੀ ਵਿਸ਼ਵ ਵਿਆਪੀ ਮਹਾਂਮਾਰੀ ਨੇ ਵੀਂ ਸਿੱਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ ।ਅੱਜ ਤੋਂ ਕੁਝ ਸਮਾਂ ਪਹਿਲਾਂ ਵਿਦਿਆਰਥੀ ਵਰਗ ਅਧਿਆਪਕਾਂ ਦੁਆਰਾ ਦਿੱਤੇ ਕੰਮ ਅਨੁਸਾਰ, ਨਿਸ਼ਚਿਤ ਸਮਾ ਸਾਰਣੀ ਅਨੁਸਾਰ ਸਕੂਲ ਦਾ ਕੰਮ , ਹੋਮ ਵਰਕ ਅਤੇ ਟੈਸਟ ਆਦਿ ਦਾ ਦਾ ਕੰਮ , ਕੁਝ ਵਿਦਿਆਰਥੀ ਮਾਪਿਆਂ ਅਤੇ ਅਧਿਆਪਕਾਂ ਦੇ ਡਰ ਤੋਂ ਅਤੇ ਕੁਝ ਆਪਣੇ ਆਪ ਵੀ ਕਰਦੇ ਸਨ। ਪ੍ਰੰਤੂ ਹੁਣ ਵਿਦਿਆਰਥੀ ਆਪਣੀ ਪੜ੍ਹਾਈ ਖੁਦ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹਨ ,ਪੂਰਾ ਸਮਾਂ ਘਰ ਵਿੱਚ ਰਹਿ ਕੇ ਸੋਸ਼ਲ ਮੀਡੀਆ ਰਾਹੀ,
ਆਨਲਾਈਨ ਇੰਟਰਨੈੱਟ ਦੇ ਵੱਖ ਵੱਖ ਸਾਧਨਾਂ ਰਾਹੀਂ ਆਪਣੀ ਸਹੂਲਤ ਅਨੁਸਾਰ ਜਦੋਂ ਚਾਹੁਣ , ਵੱਖ ਵੱਖ ਵਿਸ਼ਿਆਂ ਦੀ ਜਿੰਨਾ ਸਮਾਂ ਆਪਣੀ ਆਸਾਨੀ ਨਾਲ ਚਾਹੁਣ ਪੜ੍ਹਾਈ ਕਰ ਸਕਦੇ ਹਨ।
ਸਿੱਖਿਆ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ,ਇਸ ਦਾ ਉਦੇਸ਼ ਪ੍ਰੀਖਿਆ ਵਿੱਚੋਂ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨਾ ਹੀ ਨਹੀਂ ਹੁੰਦਾ, ਬਲਕਿ ਮਨੁੱਖ ਦੀ ਸ਼ਖ਼ਸੀਅਤ ਦਾ ਵਿਕਾਸ ਕਰਕੇ ਚੰਗਾ ਇਨਸਾਨ ਪੈਦਾ ਕਰਨਾ ਹੈ ।ਇਸ ਲਈ ਇਸ ਮੌਕੇ ਵਿਦਿਆਰਥੀ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ,ਮਿਹਨਤ ਅਤੇ ਲਗਨ ਨਾਲ ,ਮਾਨਸਿਕ ਤੌਰ ਤੇ ਮਜ਼ਬੂਤ ਹੋ ਕੇ ਆਪਣੀ ਮੰਜ਼ਿਲ ਨਿਸ਼ਚਿਤ ਕਰੇ ,ਆਪਣੀ ਔਕਾਤ ਤੋਂ ਵੱਡੇ ਸੁਪਨੇ ਲਏ ਅਤੇ ਫਿਰ ਸੰਜੀਦਗੀ ਨਾਲ ਮੰਜ਼ਿਲ ਤੈਅ ਕਰੇ । ਹਰ ਵਿਦਿਆਰਥੀ ਵਿੱਚ ਕੁਝ ਖ਼ਾਸ ਕਾਬਲੀਅਤ ਹੁੰਦੀ ਹੈ, ਮਾਪਿਆਂ ਅਤੇ ਅਧਿਆਪਕਾਂ ਦਾ ਕੰਮ ਉਸ ਕਾਬਲੀਅਤ ਨੂੰ ਪਹਿਚਾਣਨਾ ਅਤੇ ਉਸ ਨੂੰ ਨਿਖਾਰਨ ਵਿੱਚ ਸਹਿਯੋਗ ਅਤੇ ਮਾਰਗਦਰਸ਼ਨ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹਰੇਕ ਵਿਦਿਆਰਥੀ ਵਿੱਚ ਕੋਈ ਨਾ ਕੋਈ ਕਮਜ਼ੋਰੀ ਵੀ ਜਰੂਰ ਹੁੰਦੀ ਹੈ ,ਜਿਸ ਨੂੰ ਦੂਰ ਕਰਨ’ ਚ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ,ਤਾਂ ਜੋ ਬੱਚਾ ਖੁਸ਼ ਰਹਿ ਸਕੇ,ਕਿਉਂਕਿ ਸਾਡੇ ਲਈ ਹਰ ਇੱਕ ਬੱਚਾ ਮਹੱਤਵਪੂਰਨ ਹੈ । ਅੱਜ ਦੇ ਤਬਦੀਲੀ ਦੇ ਯੁੱਗ ਵਿੱਚ ਵਿਦਿਆਰਥੀ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਪਏਗਾ ਕਿ ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਅਤੇ ਮਕਾਨ ਤੋਂ ਵੀ ਵੱਧ ਮਹੱਤਵਪੂਰਨ ਚੀਜ਼ ਸਿੱਖਿਆ ਹੈ । ਸਿੱਖਿਆ ਇੱਕ ਅਜਿਹਾ ਕੁਬੇਰ ਦਾ ਖਜ਼ਾਨਾ ਹੈ ,ਜਿਸ ਦੇ ਚੋਰੀ ਹੋਣ, ਖ਼ਰਾਬ ਹੋਣ ਜਾਂ ਖਤਮ ਹੋਣ ਦਾ ਡਰ ਨਹੀਂ । ਸਿੱਖਿਆ ਰਾਹੀਂ ਪ੍ਰਾਪਤ ਕੀਤਾ ਗਿਆਨ ਇੱਕ ਅਜਿਹਾ ਨਿਵੇਸ਼ ਹੈ, ਜਿਸ ਦਾ ਲਾਭਅੰਸ਼ ਸਾਰੀ ਜ਼ਿੰਦਗੀ ਪ੍ਰਾਪਤ ਹੁੰਦਾ ਰਹਿੰਦਾ ਹੈ । ਬੁੱਧੀਮਾਨ ਲੋਕਾਂ ਨੂੰ ਪੂਰੇ ਵਿਸ਼ਵ ਵਿੱਚ ਸਨਮਾਨ ਮਿਲਦਾ ਹੈ । ਗਿਆਨ ਦਾ ਧਨ ਮਨੁੱਖ ਨੂੰ ਅਸਰਦਾਰ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਵਿਅਕਤੀ ਬਣਾਉਂਦਾ ਹੈ । ਗਿਆਨ ਇੱਕ ਅਜਿਹਾ ਕਵਚ ਹੈ ਜੋ ਅਨੇਕਾਂ ਕਠਿਨਾਈਆਂ ਤੋਂ ਰੱਖਿਆ ਕਰਦਾ ਹੈ ।ਸਿੱਖਿਆ ਗ੍ਰਹਿਣ ਕਰਦੇ ਸਮੇਂ ਖਾਸ ਤੌਰ ਤੇ ਪ੍ਰੀਖਿਆ ਦੇ ਦਿਨ ਕੁੱਝ ਕਸ਼ਟ ਜ਼ਰੂਰ ਦਿੰਦੇ ਹਨ, ਪਰ ਇਨ੍ਹਾਂ ਦਾ ਫਲ ਮਿੱਠਾ ਹੁੰਦਾ ਹੈ ।
ਇਸ ਲਈ ਸਿੱਖਿਆ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਤਬਦੀਲੀ ਦੇ ਦੌਰ ਵਿੱਚ ਸਾਨੂੰ ਬਦਲਣਾ ਹੋਵੇਗਾ ਜੋ ਹਾਲਾਤ ਦੇ ਅਨੁਸਾਰ ਨਹੀਂ ਬਦਲਦੇ ਉਹ ਪਿਛੜ ਜਾਂਦੇ ਹਨ । ਇਸ ਲਈ ਖੁਦ ਤੇ ਵਿਸ਼ਵਾਸ ਰੱਖ ਕੇ ,ਸਵੈ ਅਨੁਸ਼ਾਸਿਤ ਹੋ ਕੇ, ਆਪਣੀ ਪੜ੍ਹਾਈ ਦੀ ਸਮਾਂ ਸਾਰਨੀ ਖੁਦ ਨਿਸ਼ਚਿਤ ਕਰੋ ,ਹਰ ਵਿਸ਼ੇ ਨੂੰ ਨਿਸ਼ਚਿਤ ਸਮਾਂ ਚੈਪਟਰ ਦੀ ਲੋੜ ਅਨੁਸਾਰ ਨਿਸ਼ਚਿਤ ਕਰੋ ,ਢੁੱਕਵੀਂ ਯੋਜਨਾ ਬਣਾਓ । ਅੱਜ ਤਕਨੀਕੀ ਯੁੱਗ ਵਿੱਚ ਹਰ ਵਿਸ਼ੇ ਦਾ ਸਿਲੇਬਸ ਸਿੱਖਿਆ ਵਿਭਾਗ ਦੀ ਸਾਈਟ ਤੇ ਮੌਜੂਦ ਹੈ ।ਹਰ ਵਿਸ਼ੇ ਦੀਆਂ ਵੀਡੀਓ ਯੂ ਟਿਊਬ ਆਦਿ ਤੇ ਉਪਲੱਬਧ ਹਨ ।ਟੀ ਵੀ ਅਤੇ ਰੇਡੀਓ ਦੇ ਵੱਖ ਵੱਖ ਚੈਨਲ ਵੀ ਕਿਤਾਬੀ ਗਿਆਨ ,ਮਾਹਿਰ ਅਧਿਆਪਕਾਂ ਰਾਹੀਂ ਪ੍ਰਸਾਰਿਤ ਕਰ ਰਹੇ ਹਨ ।ਬੱਸ ਜਰੂਰਤ ਵਿਦਿਆਰਥੀ ਵਰਗ ਦੀ ਇਛਾ ਸ਼ਕਤੀ ਪੈਂਦਾ ਕਰਨ ਅਤੇ ਬਚਪਨ ਤੋ ਪਈ ਰਵਾਇਤੀ ਸਿਖਿਆ ਪ੍ਰਾਪਤ ਕਰਨ ਦੀ ਵਿਧੀ ਨੂੰ ਬਦਲਣ ਦੀ ਹੈ । ਅਧਿਆਪਕ ਵਰਗ ਵੀ ਪਹਿਲਾਂ ਨਾਲੋਂ ਵੱਧ ਮਿਹਨਤ ਅਤੇ ਤਿਆਰੀ ਕਰਕੇ ਕੈਮਰੇ ਸਾਹਮਣੇ ਆਪਣੇ ਵਿਸ਼ੇ ਅਤੇ ਵਿਦਿਆਰਥੀਆਂ ਨਾਲ ਨਿਆਂ ਕਰ ਰਿਹਾ ਹੈ ।
ਆਨਲਾਈਨ ਸਿੱਖਿਆ ਦੇ ਦੌਰ ਵਿੱਚ ਇੰਟਰਨੈੱਟ ਡਾਟਾ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ । ਵਿਦਿਆਰਥੀਆਂ ਨੂੰ ਡਾਟਾ ਦੀ ਵਰਤੋਂ ਬਹੁਤ ਹੀ ਸੁਚਾਰੂ ਰੂਪ ਵਿੱਚ ਕਰਨੀ ਚਾਹੀਦੀ ਹੈ, ਪਹਿਲ ਸਿੱਖਿਆ ਪ੍ਰਾਪਤੀ ਨੂੰ ਦੇਣੀ ਚਾਹੀਦੀ ਹੈ ।ਸੋਸ਼ਲ ਮੀਡੀਆ ਦੇ ਵੱਖ ਵੱਖ ਸਰੋਤਾਂ ਰਾਹੀਂ ਵਿਦਿਆਰਥੀ ਆਪਣੀ ਪੜ੍ਹਾਈ ਨਾਲ ਸਬੰਧਤ ਸ਼ੰਕਾਵਾਂ ਦਾ ਨਿਵਾਰਨ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹਨ ।ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਆਨਲਾਈਨ ਸਿੱਖਿਆ ਦੇ ਦੌਰਾਨ ਥੋੜ੍ਹੇ ਸਮੇਂ ਦੀ ਬਰੇਕ ਲੈ ਕੇ ਨਾਲ ਕੋਈ ਰੁਚੀ ਵਿਕਸਿਤ ਕਰਕੇ ,ਅਨੇਕਾਂ ਸਕਿੱਲ ਤੇ ਆਧਾਰਿਤ ਗਤੀਵਿਧੀਆਂ ਕਰ ਸਕਦੇ ਹਨ। ਜਿਸ ਨਾਲ ਉਨ੍ਹਾਂ ਦਾ ਰੋਜ਼ਾਨਾ ਦਾ ਜੀਵਨ ਰੌਚਿਕ ਬਣਿਆ ਰਹੇਗਾ । ਇਸ ਤੋ ਇਲਾਵਾ ਸਰੀਰਕ ਵਿਕਾਸ ਲਈ ਸੰਤੁਲਿਤ ਭੋਜਨ , 6 ਤੋਂ 7 ਘੰਟੇ ਦੀ ਨੀਦ ਅਤੇ ਸਰੀਰਕ ਗਤੀਵਿਧੀਆਂ ਜੋ ਆਸਾਨੀ ਨਾਲ ਘਰ ਤੋਂ ਹੋ ਸਕਨ, ਇਸ ਦੋਰ ਵਿੱਚ ਬੇਹੱਦ ਜਰੂਰੀ ਹਨ।

ਸਿੱਖਿਆ ਦੇ ਢਾਂਚੇ ਵਿੱਚ ਆਏ ਇਸ ਤਬਦੀਲੀ ਦੇ ਦੌਰ ਵਿੱਚ ਵਿਦਿਆਰਥੀ ਵਰਗ ਨੂੰ ਨਾਕਾਰਾਤਮਕ ਵਿਚਾਰਾਂ ਅਤੇ ਨਾਕਰਾਤਮਕ ਲੋਕਾਂ ਤੋਂ ਦੂਰ ਰਹਿ ਕੇ ,ਜਲਦ ਤੋਂ ਜਲਦ ਇਸ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਨਾਲ ਹੀ, ਉਨ੍ਹਾਂ ਦਾ ਭਵਿੱਖ ਉਜਵਲ ਹੋ ਸਕੇਗਾ ।

ਡਾ. ਸਤਿੰਦਰ ਸਿੰਘ ( ਪੀ ਈ ਐੱਸ )
ਸਟੇਟ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ
ਧਵਨ ਕਲੋਨੀ
ਫਿਰੋਜ਼ਪੁਰ ਸ਼ਹਿਰ
9815427554

Related Articles

Leave a Reply

Your email address will not be published. Required fields are marked *

Back to top button