ਮੁੱਖ ਮੰਤਰੀ ਵੱਲੋਂ ਹੁਸੈਨੀਵਾਲਾ ਵਿਖੇ ਵਿਕਾਸ ਪ੍ਰਾਜੈਕਟਾਂ ਲਈ 13.50 ਕਰੋੜ ਰੁਪਏ ਨੂੰ ਪ੍ਰਵਾਨਗੀ
ਫਿਰੋਜ਼ਪੁਰ 26 ਮਾਰਚ ( ਏ. ਸੀ. ਚਾਵਲਾ) ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕੌਮੀ ਆਜ਼ਾਦੀ ਸੰਘਰਸ਼ ਦੇ ਹੋਰਨਾਂ ਮਹਾਨ ਨਾਇਕਾਂ ਦੀ ਅਮੀਰ ਵਿਰਾਸਤ ਨੂੰ ਮੂਰਤੀਮਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਫਿਰੋਜ਼ਪੁਰ ਜ਼ਿਲ•ੇ ਵਿੱਚ ਹੁਸੈਨੀਵਾਲਾ ਵਿਖੇ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰਨ ਲਈ 13.50 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਹੁਸੈਨੀਵਾਲਾ ਵਿਖੇ ਲਾਈਟ ਐਂਡ ਸਾਊਂਡ ਦੇ ਆਯੋਜਨ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਅਤੇ ਮਹਾਨ ਸ਼ਹੀਦਾਂ ਦੇ ਜੀਵਨ ਤੇ ਕਾਲ ਬਾਰੇ ਦਸਤਾਵੇਜ਼ੀ ਫਿਲਮ ਤੇ ਨਾਟਕ ਤਿਆਰ ਕਰਨ ਲਈ ਕੰਮ ਕਰ ਰਹੀ ਏਜੰਸੀ ਨੂੰ ਇਕ ਕਰੋੜ ਰੁਪਏ ਤੁਰੰਤ ਜਾਰੀ ਕਰਨ ਸਬੰਧੀ ਪ੍ਰਸਤਾਵ ਨੂੰ ਸਹਿਮਤੀ ਦੇ ਦਿੱਤੀ ਹੈ। ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਇਹ ਫੈਸਲਾ ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਦੇ ਪਤਵੰਤਿਆਂ, ਭਾਜਪਾ ਦੇ ਸਥਾਨਕ ਆਗੂਆਂ ਤੇ ਵਰਕਰਾਂ 'ਤੇ ਅਧਾਰਿਤ ਇਕ ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਦੇ ਸਬੰਧ ਵਿੱਚ ਲਿਆ। ਇਹ ਵਫ਼ਦ 23 ਮਾਰਚ, 2015 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸ. ਬਾਦਲ ਦੇ ਹੁਸੈਨੀਵਾਲਾ ਪਹੁੰਚਣ 'ਤੇ ਮਿਲਿਆ ਸੀ। ਮੁੱਖ ਮੰਤਰੀ ਵੱਲੋਂ ਪ੍ਰਵਾਨ ਕੀਤੇ ਗਏ 13.50 ਕਰੋੜ ਰੁਪਏ ਵਿੱਚੋਂ 5.50 ਕਰੋੜ ਰੁਪਏ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੇ ਇਤਿਹਾਸਕ ਸ਼ਹੀਦੀ ਯਾਦਗਾਰ ਨੂੰ ਨਵਿਆਉਣ ਲਈ ਰੱਖੇ ਗਏ ਹਨ ਜਦਕਿ ਆਡੀਟੋਰੀਅਮ ਲਈ ਦੋ ਕਰੋੜ ਰੁਪਏ, ਸਮਾਧੀ ਤੋਂ ਗੱਟੀ ਰਾਜੋ ਕੀ ਪਿੰਡ ਤੱਕ 4.22 ਕਿਲੋਮੀਟਰ ਸੜਕ ਦੇ ਨਿਰਮਾਣ ਲਈ ਇਕ ਕਰੋੜ ਰੁਪਏ ਅਤੇ ਹਜ਼ਾਰਾ ਸਿੰਘ ਵਾਲਾ ਪਿੰਡ ਨੇੜੇ ਸਤਲੁਜ ਦਰਿਆ 'ਤੇ ਪੁਲ ਬਣਾਉਣ ਲਈ ਪੰਜ ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਛੇਤੀ ਤੋਂ ਛੇਤੀ ਸੜਕ ਤੇ ਪੁਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਸਾਰੇ ਪ੍ਰਾਜੈਕਟ ਮੌਜੂਦਾ ਵਿੱਤੀ ਸਾਲ 2015-16 ਦੌਰਾਨ ਮੁਕੰਮਲ ਕੀਤੇ ਜਾਣਗੇ।