ਮਿੱਡ ਡੇ ਮੀਲ ਰਾਹੀਂ ਵਿਦਿਆਰਥੀਆਂ ਨੂੰ ਸ਼ੁੱਧ ਖਾਣਾ ਮੁਹੱਈਆ ਕਰਵਾਉਣਾ ਬਣਾਇਆ ਜਾਵੇ ਯਕੀਨੀ-ਫੂਡ ਕਮਿਸਨ ਮੈਂਬਰ ਵਿਜੇ ਦੱਤ
ਮਿੱਡ ਡੇ ਮੀਲ ਰਾਹੀਂ ਵਿਦਿਆਰਥੀਆਂ ਨੂੰ ਸ਼ੁੱਧ ਖਾਣਾ ਮੁਹੱਈਆ ਕਰਵਾਉਣਾ ਬਣਾਇਆ ਜਾਵੇ ਯਕੀਨੀ-ਫੂਡ ਕਮਿਸਨ ਮੈਂਬਰ ਵਿਜੇ ਦੱਤ
- ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਮੱਲਵਾਲ ਕਦੀਮ ਅਤੇ ਆਂਗਣਵਾੜੀ ਸੈਂਟਰ ਦਾ ਕੀਤਾ ਨਿਰੀਖਣ
- ਕਮਿਸਨ ਨੇ ਡਿੱਪੂ ਹੋਲਡਰ ਖਿਲਾਫ ਮਿਲੀ ਸ਼ਿਕਾਇਤ ਦਾ ਲਿਆ ਸਖਤ ਨੋਟਿਸ, ਜਾਂਚ ਦੇ ਦਿੱਤੇ ਨਿਰਦੇਸ਼
ਫਿਰੋਜ਼ਪੁਰ 19 ਮਈ 2022: ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ. ਵਿਜੇ ਦੱਤ ਨੇ ਵੀਰਵਾਰ ਨੂੰ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਮੱਲਵਾਲ ਕਦੀਮ ਦਾ ਨਿਰੀਖਣ ਕਰਕੇ ਮਿੱਡ ਡੇ ਮੀਲ ਰਾਹੀਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁੱਣਵਤਾ ਚੈੱਕ ਕੀਤੀ। ਇਸ ਤੋਂ ਪਹਿਲਾ ਉਨ੍ਹਾਂ ਵੱਲੋਂ ਸਰਕਟ ਹਾਊਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵੰਦਨਾ ਕੰਬੋਜ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਸਬੰਧੀ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਸਰਕਾਰੀ ਸਕੂਲਾਂ ਵਿਖੇ ਉਨ੍ਹਾਂ ਵੱਲੋਂ ਜਿੱਥੇ ਮਿੱਡ ਡੇ ਮੀਲ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਉੱਥੇ ਸਕੂਲ ਵਿੱਚ ਸਥਿਤ ਆਂਗਣਵਾੜੀ ਸੈਂਟਰ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਮਿੱਡ ਡੇ ਮੀਲ ਰਾਹੀਂ ਵਿਦਿਆਰਥੀਆਂ ਨੂੰ ਉੱਚ ਪੱਧਰ ਦਾ ਖਾਣਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਬੱਚਿਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਸਿਸਟਮ ਨੂੰ ਸਮੇਂ-ਸਮੇਂ ਸਿਰ ਸਾਫ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਕੇ ਬੱਚਿਆਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਸਹੂਲਤਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸਕੂਲ ਮੁਖੀਆਂ ਅਤੇ ਮਿੱਡ ਡੇ ਮੀਲ ਤਿਆਰ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਪੇਸ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਮਿੱਡ ਡੇ ਮੀਲ ਨੂੰ ਤਿਆਰ ਕਰਨ ਵਾਲੀਆਂ ਵਰਕਰਾਂ ਦੀ ਮਿਹਨਤਾਨਾ ਵਧਾਉਣ ਸਬੰਧੀ ਵੀ ਕਮਿਸ਼ਨ ਵੱਲੋਂ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ।
ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿੱਪੂਆਂ, ਸਕੂਲਾਂ, ਆਂਗਣਵਾੜੀ ਸੈਂਟਰਾਂ, ਸਿਹਤ ਸੰਸਥਾਵਾਂ ਦੇ ਬਾਹਰ ਕਮਿਸ਼ਨ ਦੇ ਸ਼ਿਕਾਇਤ ਸੈੱਲ ਦੇ ਨੰਬਰਾਂ ਨੂੰ ਡਿਸਪਲੇਅ ਕਰਨ ਸਬੰਧੀ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਕੰਪਲੇਟ ਨੰਬਰਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਜ਼ਰੂਰਤ ਪੈਣ ਤੇ ਕੋਈ ਵੀ ਇਨ੍ਹਾਂ ਨੰਬਰਾਂ ਤੇ ਸੰਪਰਕ ਕਰਕੇ ਕਮਿਸਨ ਨੂੰ ਫੂਡ ਸੇਫਟੀ ਸਬੰਧੀ ਸ਼ਿਕਾਇਤ ਭੇਜ ਸਕੇ। ਉਨ੍ਹਾਂ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਨੂੰ ਯਕੀਨੀ ਬਣਾਉਣ ਅਤੇ ਸਬੰਧਿਤ ਰਿਪੋਰਟਾਂ ਕਮਿਸ਼ਨ ਨੂੰ ਭੇਜਣ ਨੂੰ ਯਕੀਨੀ ਬਣਾਉਣ ਸਬੰਧੀ ਵੀ ਨਿਰਦੇਸ਼ ਦਿੱਤੇ।
ਕਮਿਸ਼ਨ ਨੇ ਸ਼ਿਕਾਇਤ ਦਾ ਲਿਆ ਸਖਤ ਨੋਟਿਸ
ਪੰਜਾਬ ਸਟੇਟ ਫੂਡ ਕਮਿਸਨ ਦੇ ਮੈਂਬਰ ਵਿਜੇ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਕਰਤਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਪਿੰਡ ਲੋਹਗੜ੍ਹ ਫਿਰੋਜ਼ਪੁਰ ਵਿਖੇ ਇੱਕ ਡਿੱਪੂ ਹੋਲਡਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫਤ ਮਿਲਣ ਵਾਲੀ ਕਣਕ ਸਬੰਧੀ ਪੈਸੇ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਸੰਪੂਰਨ ਜਾਂਚ ਦੇ ਲਈ ਸਬੰਧਿਤ ਅਧਿਕਾਰੀਆਂ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕਰਕੇ ਜਾਂਚ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ ਜੋ ਆਪਣੀ ਜਾਂਚ ਕਰਕੇ 5 ਦਿਨਾਂ ਦੇ ਅੰਦਰ ਕਮਿਸ਼ਨ ਨੂੰ ਰਿਪੋਰਟ ਸੌਂਪਣਗੇ। ਉਨ੍ਹਾਂ ਕਿਹਾ ਕਿ ਜੇ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਸਬੰਧਿਤ ਡਿੱਪੂ ਹੋਲਡਰ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।