ਮਿਸ਼ਨ ਫ਼ਤਿਹ: ਵਿਧਾਇਕ ਨੇ ਕੋਰੋਨਾ ਯੋਧਿਆਂ ਤੋਂ ਕਰਵਾਈ 3.90 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਸ਼ੁਰੂਆਤ
ਫਿਰੋਜ਼ਪੁਰ ਦੇ ਜ਼ੀਰਾ ਗੇਟ ਤੋਂ ਮੱਲਾਂਵਾਲਾ ਤੱਕ 9 ਕਿੱਲੋਮੀਟਰ ਲੰਬੀ ਸੜਕ ਦੇ ਬਣਨ ਨਾਲ ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਫਿਰੋਜ਼ਪੁਰ 8 ਜੂਨ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਦੇ ਤਹਿਤ ਸੋਮਵਾਰ ਨੂੰ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 3.90 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜ਼ੀਰਾ ਗੇਟ ਤੋਂ ਮੱਲਾਂਵਾਲਾ ਤੱਕ ਦੀ 9 ਕਿੱਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਮਾਜ ਸੇਵੀ ਸੰਸਥਾਵਾਂ ਤੋਂ ਕਰਵਾਈ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਨੇ ਕਰਫ਼ਿਊ ਅਤੇ ਲਾਕਡਾਊਨ ਦੇ ਦੌਰਾਨ ਆਪਣਾ ਵਡਮੁੱਲਾ ਯੋਗਦਾਨ ਦੇ ਕੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਇਹ ਸਾਡੇ ਅਸਲ ਕੋਰੋਨਾ ਯੋਧੇ ਹਨ। ਇਸ ਸੜਕ ਦਾ ਨਿਰਮਾਣ ਕਾਰਜ ਇਨ੍ਹਾਂ ਸੰਸਥਾਵਾਂ ਦੇ ਹੱਥੋਂ ਕਰਵਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿੱਚ ਕਦੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਦਾ ਮਕਸਦ ਹੀ ਇਸ ਲੜਾਈ ਨੂੰ ਫ਼ਰੰਟ ਲਾਈਨ ਵਰਕਰਾਂ ਤੋਂ ਅੱਗੇ ਲੈ ਜਾ ਕੇ ਇਸ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਵਿਚਕਾਰ, ਫਿਰੋਜ਼ਪੁਰ ਵਿੱਚ ਰੋਜ਼ਾਨਾ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ 30 ਹਜ਼ਾਰ ਦੇ ਕਰੀਬ ਲੋਕਾਂ ਨੂੰ ਲੰਗਰ ਖੁਆਇਆ ਗਿਆ ਅਤੇ ਇਸ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਰੋਜ਼ਾਨਾ ਰਾਸ਼ਨ ਵੀ ਵੰਡਿਆ ਗਿਆ। ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਸੜਕ ਬਣਾਉਣ ਦੇ ਲਈ ਲੋਕਾਂ ਦੀ ਇੱਕ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਇਹ ਸੜਕ ਜ਼ੀਰਾ ਗੇਟ ਤੋਂ ਮੱਲਾਂਵਾਲਾ ਜਾਂਦੀ ਹੈ ਅਤੇ ਸਾਰੇ ਸ਼ਹਿਰ ਨੂੰ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਨਾਲ ਜੋੜਦੀ ਹੈ। ਇਸ ਲਈ ਇਸ ਸੜਕ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਫਿਰੋਜ਼ਪੁਰ ਸ਼ਹਿਰ ਤੋਂ ਹੋ ਕੇ ਮਖੂ ਤੱਕ ਜਾਣ ਵਾਲੇ ਲੋਕ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਸੜਕ ਦੇ ਨਿਰਮਾਣ ਨਾਲ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਮੌਕੇ ਵਿਪੁਲ ਨਾਰੰਗ, ਜਿੰਮੀ ਕੱਕੜ, ਮਿਤੁਲ ਭੰਡਾਰੀ, ਦੀਪਕ ਸ਼ਰਮਾ, ਪੀ ਡੀ ਸ਼ਰਮਾ, ਅਸ਼ੋਕ ਗੁਪਤਾ, ਰਾਜੂ ਖੱਟਰ, ਪਰਮਜੀਤ ਅਬਰੋਲ, ਡਾ ਬੇਦੀ, ਰਿਸ਼ੀ ਸ਼ਰਮਾ ਸਮੇਤ ਕਈ ਪਤਵੰਤੇ ਹਾਜ਼ਰ ਸਨ।