ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਵੱਲੋਂ ਘਰ-ਘਰ ਨਿਗਰਾਨੀ ਮੁਹਿੰਮ ਦੀ ਸ਼ੁਰੂਆਤ
ਕਿਹਾ, 15 ਰੋਜ਼ਾ ਮੁਹਿੰਮ ਵਿੱਚ ਆਸ਼ਾ ਕਰਮੀਆਂ ਵੱਲੋਂ ਘਰ ਘਰ ਜਾ ਕੇ ਪਰਿਵਾਰਾਂ ਦੀ ਸਿਹਤ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ
ਫਿਰੋਜ਼ਪੁਰ 12 ਜੂਨ 2020
ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਜਿੱਥੇ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲ ਤਹਿਤ ਕਰੋਨਾ ਰੋਗ ਨੂੰ ਕਾਬੂ ਕਰਨ ਲਈ ਨਿਰੰਤਰ ਗਤੀਸ਼ੀਲ ਹੈ ਉੱਥੇ ਹੀ ਸਿਹਤ ਪ੍ਰੋਗਰਾਮਾਂ ਨੂੰ ਵੀ ਪੂਰੀ ਤੀਬਰਤਾ ਨਾਲ ਲਾਗੂ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਅਧੀਨ ਚਲਾਈ ਜਾਣ ਵਾਲੀ ਘਰ-ਘਰ ਨਿਗਰਾਨੀ ਮੁਹਿੰਮ ਦੀ ਸ਼ੁਰੂਆਤ ਵੀ ਜ਼ਿਲ੍ਹੇ ਅੰਦਰ ਕਰ ਦਿੱਤੀ ਗਈ ਹੈ। ਮੁਹਿੰਮ ਦੀ ਵਾਗਡੋਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਖ਼ੁਦ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਸਿਲਸਿਲੇ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਉੱਚ ਸਿਹਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮੁਹਿੰਮ ਨੂੰ ਸੁਚਾਰੂ ਰੂਪ ਵਿੱਚ ਲਾਗੂ ਕਰਨ ਲਈ ਸਮੂਹ ਸਿਹਤ ਅਧਿਕਾਰੀਆਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਬਣਦੇ ਰੋਲ ਸਬੰਧੀ ਨਿਰਦੇਸ਼ ਦਿੱਤੇ ਗਏ।
ਇਸ ਮੁਹਿੰਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਸ 15 ਰੋਜ਼ਾ ਮੁਹਿੰਮ ਵਿੱਚ ਆਸ਼ਾ ਕਰਮੀਆਂ ਵੱਲੋਂ ਘਰ ਘਰ ਜਾ ਕੇ ਪਰਿਵਾਰਾਂ ਦੀ ਸਿਹਤ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਇੱਕ ਵਿਸ਼ੇਸ਼ ਮੋਬਾਇਲ ਐਪ ਤਿਆਰ ਕੀਤਾ ਗਿਆ ਹੈ ਅਤੇ ਸਰਵੇ ਕਰਨ ਵਾਲੇ ਕਰਮੀਆਂ ਵੱਲੋਂ ਸਬੰਧਿਤ ਡਾਟਾ ਆਨ ਲਾਈਨ ਹੀ ਐੇਂਟਰ ਕੀਤਾ ਜਾਵੇਗਾ ਤੇ ਇਹ ਸਾਰੀ ਸਮੁੱਚੀ ਗਤੀਵਿਧੀ ਆਸ਼ਾ ਕਰਮੀਆਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਇਸ ਮੁਹਿੰਮ ਵਿੱਚ ਵਿਭਾਗ ਦਾ ਸਹਿਯੋਗ ਕਰਨ ਅਤੇ ਘਰ ਆਏ ਸਿਹਤ ਕਰਮਚਾਰੀਆਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਸਿਵਲ ਸਰਜਨ ਨੇ ਮੌਕੇ ਤੇ ਮੌਜੂਦ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਘਰ-ਘਰ ਮੁਹਿੰਮ ਦੌਰਾਨ ਸਰਵੇ ਲਈ ਜਾ ਰਹੇ ਕਰਮੀਆਂ ਵੱਲੋਂ ਆਪਣੀ ਨਿਰਧਾਰਿਤ ਵਰਦੀ ਪਾਉਣੀ ਯਕੀਨੀ ਬਣਾਈ ਜਾਵੇ ਤੇ ਉਹ ਆਪਣਾ ਸ਼ਨਾਖ਼ਤੀ ਕਾਰਡ ਨਾਲ ਰੱਖਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।