ਮਰੀਜ਼ਾਂ ਨੂੰ ਸਬ ਸਟੈਂਡਰਲ ਦਵਾਈਆਂ ਨਾ ਦਿੱਤੀਆਂ ਜਾਣ-ਸਿਵਲ ਸਰਜਨ
ਫ਼ਿਰੋਜ਼ਪੁਰ 9 ਅਪ੍ਰੈਲ 2019 (ਹਰੀਸ਼ ਮੌਂਗਾ) ਸਿਹਤ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਵੱਲੋਂ ਆਰ.ਐਮ.ਪੀ. ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਦੇ ਮਰੀਜ਼ਾਂ ਵਾਸਤੇ ਵਧੀਆ ਇਲਾਜ ਕਰਨ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ।
ਸਿਵਲ ਸਰਜਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੀ ਕੀਤਾ ਜਾਵੇ ਅਤੇ ਮਰੀਜ਼ਾ ਨੂੰ ਸਬ ਸਟੈਂਡਰਡ ਦਵਾਈਆਂ ਨਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਕੀਤਾ ਜਾਵੇ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮਰੀਜ਼ਾ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਵੱਧ ਤੋਂ ਵੱਧ ਦਾਖਲ ਕਰਵਾਉਣ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਆਰ.ਐਮ.ਪੀ. ਨਸ਼ੇ ਦੀ ਦਵਾਈ ਦੇਣ ਸਬੰਧੀ ਮਾਮਲਾ ਧਿਆਨ ਵਿੱਚ ਆਇਆ ਤਾਂ ਸਬੰਧਿਤ ਅਧਿਕਾਰੀ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ।
ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣਾ ਅਭਿਆਸ ਆਪਣੇ ਅਧਿਕਾਰ ਖੇਤਰ ਵਿੱਚ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਨੈਸ਼ਨਲ ਪ੍ਰੋਗਰਾਮਾਂ ਵਿੱਚ ਵੀ ਸਿਹਤ ਵਿਭਾਗ ਦਾ ਸਮੇਂ ਸਮੇਂ ਸਿਰ ਸਹਿਯੋਗ ਦੇਣਗੇ । ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।