ਭਾਸ਼ਾ ਵਿਭਾਗ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ – ਡਾ. ਜਗਦੀਪ ਸੰਧੂ
ਭਾਸ਼ਾ ਵਿਭਾਗ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ – ਡਾ. ਜਗਦੀਪ ਸੰਧੂ
ਫ਼ਿਰੋਜ਼ਪੁਰ, 25 ਅਪ੍ਰੈਲ, 2025: ਪੰਜਾਬ ਸਰਕਾਰ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ ਹੇਠ ਪਿਛਲੇ ਵਰ੍ਹੇ ਵਿਛੋੜਾ ਦੇ ਗਏ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਦੇ ਨਾਮ ‘ਤੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਵਾਸਤੇ ਪੁਸਤਕਾਂ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਵਿਸਤਾਰ ਨਾਲ ਦੱਸਦਿਆਂ ਡਾ. ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਨੇ ਦੱਸਿਆ ਕਿ ਕਿਸੇ ਵੀ ਵਿਧਾ ਦੀ ਪੰਜਾਬੀ ਦੀ ਪੁਸਤਕ ਲਿਖਣ ਵਾਲਾ ਵਿਦਿਆਰਥੀ ਇਸ ਪੁਰਸਕਾਰ ਲਈ ਦਾਅਵੇਦਾਰ ਹੋ ਸਕਦਾ ਹੈ। ਵਿਦਿਆਰਥੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦਾ ਅਤੇ ਪੜ੍ਹਦਾ ਹੋ ਸਕਦਾ ਹੈ। ਕਿਸੇ ਵੀ ਸਕੂਲ/ਕਾਲਜ/ਯੂਨੀਵਰਸਿਟੀ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੋਵੇ, ਇਸ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ। ਸਕੂਲ/ਕਾਲਜ ਦਾ ਪ੍ਰਿੰਸੀਪਲ /ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਵਿਦਿਆਰਥੀ ਦੀ ਪੁਸਤਕ ਦੀ ਮੌਲਿਕਤਾ ਸਬੰਧੀ ਸਰਟੀਫਿਕੇਟ ਦੇਵੇਗਾ। ਮੁਕਾਬਲੇ ਵਿਚ ਭਾਗ ਲੈਣ ਲਈ ਕੇਵਲ ਉਹ ਪੁਸਤਕ ਹੀ ਸ਼ਾਮਲ ਕੀਤੀ ਜਾ ਸਕੇਗੀ ਜਿਹੜੀ 01 ਜਨਵਰੀ, 2024 ਤੋਂ 31 ਦਸੰਬਰ, 2024 ਦੌਰਾਨ ਪ੍ਰਕਾਸ਼ਿਤ ਹੋਈ ਹੋਵੇ। ਯੁਵਾ ਸਾਹਿਤ ਪੁਰਸਕਾਰ ਲਈ ਬਿਨੈ ਪੱਤਰ ਅਤੇ ਨਿਯਮ ਭਾਸ਼ਾ ਵਿਭਾਗ ਪੰਜਾਬ ਦੀ ਵੈਬਸਾਈਟ ਜਾਂ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਿਨੈ ਪੱਤਰ ਨਾਲ 4 ਪੁਸਤਕਾਂ ਦੇ ਸੈੱਟ ਨੂੰ ਨੱਥੀ ਕਰਕੇ 30 ਅਪ੍ਰੈਲ, 2025 ਤੱਕ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਮੁੱਖ ਦਫ਼ਤਰ ਦੇ ਪਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਭਾਸ਼ਾ ਭਵਨ, ਨੇੜੇ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਦਸਤੀ ਜਾਂ ਡਾਕ ਰਾਹੀਂ ਪਹੁੰਚਾਇਆ ਜਾ ਸਕਦਾ ਹੈ। ਚੁਣੇ ਗਏ ਯੁਵਾ ਸਾਹਿਤਕਾਰ ਨੂੰ ਵਿਭਾਗ ਦੇ ਸਾਲਾਨਾ ਸਮਾਗਮ ਵਿਚ ਇੱਕ ਲੱਖ ਰੁਪਏ ਨਗਦ ਰਾਸ਼ੀ, ਇੱਕ ਸ਼ਾਲ ਅਤੇ ਇੱਕ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।