ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨੀ ਮੰਗਾਂ ਸਬੰਧੀ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਗੁਰੂਹਰਸਹਾਏ, 25 ਸਤੰਬਰ (ਪਰਮਪਾਲ ਗੁਲਾਟੀ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਿਤ ਗੁਰਦੁਆਰਾ ਸ੍ਰੀ ਸਿੱਖ ਸਨਾਤਨ ਧਰਮਸ਼ਾਲਾ ਵਿਖੇ ਕੀਤੀ ਗਈ, ਜਿਸ ਵਿਚ ਜਿਲ•ਾ ਪ੍ਰਧਾਨ ਅਮਰੀਕ ਸਿੰਘ ਮਮਦੋਟ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਮੀਤ ਪ੍ਰਧਾਨ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿਚ ਜਿਲ•ਾ ਜਨਰਲ ਸਕੱਤਰ ਸ਼ਿਵਤਾਰ ਸਿੰਘ ਝਾੜੀਵਾਲਾ ਅਤੇ ਬਲਾਕ ਦੇ ਅਹੁਦੇਦਾਰਾਂ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਭਾਗ ਲਿਆ। ਸਮੂਹ ਅਹੁਦੇਦਾਰਾਂ ਤੇ ਕਿਸਾਨਾਂ ਵਲੋਂ ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਬਹੁਤ ਹੀ ਘੱਟ ਹੁੰਦਾ ਹੈ। ਨਾੜ ਨੂੰ ਜਮੀਨ ਵਿਚ ਵਹਾਉਣ ਵਾਲੇ ਸੰਦ ਬਹੁਤ ਜਿਆਦਾ ਮਹਿੰਗੇ ਹਨ ਅਤੇ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹਨ, ਇਸ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਦਖਲ ਅੰਦਾਜੀ ਕੀਤੀ ਤਾਂ ਕਿਸਾਨਾਂ ਅਤੇ ਸਰਕਾਰ ਵਿਚ ਬਹੁਤ ਜਿਆਦਾ ਟਕਰਾ ਪੈਂਦਾ ਹੋ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਵਲੋਂ ਕਿਸਾਨ ਨੂੰ 5 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਦੂਜਾ ਮਤਾ ਇਹ ਪਾਸ ਕੀਤਾ ਗਿਆ ਕਿ ਜਿਹੜੇ ਬਿਜਲੀ ਦੇ ਨਵੇਂ ਕੁਨੈਕਸ਼ਨ ਦੇਣ ਅਤੇ ਬਿਜਲੀ ਦਾ ਬਿੱਲ ਲਗਾਉਣ ਦਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਹ ਤੁਰੰਤ ਵਾਪਿਸ ਲਿਆ ਜਾਵੇ ਅਤੇ ਬਿਜਲੀ ਮਾਫੀ ਵਾਲੀ ਸਹੂਲਤ ਜਾਰੀ ਰੱਖੀ ਜਾਵੇ ਤੇ ਮੋਟਰ ਮੀਟਰ ਲਾਉਣ ਵਾਲੀ ਸਕੀਮ ਵਾਪਿਸ ਲਈ ਜਾਵੇ। ਤੀਸਰਾ ਮਤਾ ਇਹ ਪਾਸ ਕੀਤਾ ਗਿਆ ਕਿ ਖਜਾਨਾ ਮੰਤਰੀ ਮਨਪ੍ਰ੍ਰੀਤ ਬਾਦਲ ਨੇ ਜੋ ਮੀਡੀਆ ਰਾਹੀਂ ਕਿਸਾਨਾਂ ਦੇ ਇਕ ਦਿਨ ਭੁੱਖੇ ਰਹਿਣ ਬਾਰੇ ਦਿੱਤਾ ਜੋ ਬਿਆਨ ਦਿੱਤਾ ਹੈ, ਉਹ ਬਹੁਤ ਮੰਦਭਾਗਾ ਬਿਆਨ ਹੈ ਜਿਸਦੀ ਸਮੂਹ ਕਿਸਾਨ ਯੂਨੀਅਨ ਨਿਖੇਧੀ ਕਰਦੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਹੈ ਅਤੇ ਇਹ ਬਿਆਨ ਦੇ ਕੇ ਕਿਸਾਨਾਂ ਦੇ ਜਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ।
ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਮੂਹ ਅਹੁਦੇਦਾਰਾਂ ਅਤੇ ਕਿਸਾਨਾਂ ਨੇ ਤਹਿਸੀਲਦਾਰ ਗੁਰੂਹਰਸਹਾਏ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸੁਰਜੀਤ ਸਿੰਘ ਮੀਤ ਪ੍ਰਧਾਨ, ਗੁਰਮੀਤ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ ਹਾਮਦ ਜਿਲ•ਾ ਮੀਤ ਪ੍ਰਧਾਨ ਫਿਰੋਜਪੁਰ, ਅੰਗਰੇਜ ਸਿੰਘ, ਬਲਕਾਰ ਸਿੰਘ, ਸੂਰਤ ਸਿੰਘ, ਲਛਮਣ ਦਾਸ ਜੰਡਵਾਲਾ, ਗੁਰਬਚਨ ਸਿੰਘ, ਗੁਰਮੀਤ ਸਿੰਘ, ਕ੍ਰਿਸ਼ਨ ਲਾਲ, ਬਲਕਾਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਪਿੰਡ ਮੋਠਾਂਵਾਲਾ, ਪਿੰਡ ਛੋਟਾ ਜੰਡਵਾਲਾ, ਪਿੰਡ ਵੱਡਾ ਜੰਡਵਾਲਾ, ਪਿੰਡ ਬਹਾਦਰ ਸਮੇਤ ਸਮੂਹ ਗੁਰੂਹਰਸਹਾਏ ਬਲਾਕ ਦੇ ਪਿੰਡਾਂ ਤੋਂ ਕਿਸਾਨਾਂ ਨੇ ਭਾਗ ਲਿਆ।