ਭਾਣਜੇ ਗੁਰਕੀਰਤ ਮਾਨ ਦੇ ਇੰਡੀਆ ਟੀਮ ਲਈ ਚੁਣੇ ਜਾਣ 'ਤੇ
ਭਾਣਜੇ ਗੁਰਕੀਰਤ ਮਾਨ ਦੇ ਇੰਡੀਆ ਟੀਮ ਲਈ ਚੁਣੇ ਜਾਣ 'ਤੇ
ਮਾਮੇ ਨੀਲ ਸਾਈਆਂਵਾਲਾ ਨੇ ਖੁਸ਼ੀ 'ਚ ਵੰਡੇ ਲੱਡੂ ਤੇ ਪਾਏ ਭੰਗੜੇ
ਫ਼ਿਰੋਜ਼ਪੁਰ 21 ਸਤੰਬਰ (ਗੁਰਿੰਦਰ ਸਿੰਘ) ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਮੀਰ ਪ੍ਰੰਪਰਾ 'ਚ ਦੋਹਤਿਆਂ ਦੀਆਂ ਖੁਸ਼ੀਆਂ 'ਚ ਸਭ ਤੋਂ ਵੱਧ ਚਾਅ ਨਾਨਕਾ ਪਰਿਵਾਰ ਮਨਾਉਂਦਾ ਰਿਹਾ ਹੈ। ਇਸੇ ਵਿਰਸੇ ਦੀ ਤਰਜਮਾਨੀ ਕਰਦਿਆਂ ਅਤੇ ਵਿਰਾਸਤ ਨੂੰ ਸਾਂਭਦਿਆਂ ਅੱਜ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਅਜਿਹਾ ਮਾਹੌਲ ਓਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਗੁਰਕੀਰਤ ਮਾਨ ਦੇ ਭਾਰਤੀ ਕ੍ਰਿਕਟ ਟੀਮ ਲਈ ਚੁਣੇ ਜਾਣ ਦੀ ਖੁਸੀ ਉਸ ਦੇ ਨਾਨਕੇ ਸਾਈਆਂਵਾਲਾ ਪਰਿਵਾਰ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਮਨਾਈ। ਇਸ ਮੌਕੇ ਸਮੁੱਚੇ ਕਾਲਜ ਵਿੱਚ ਮਾਹੌਲ ਖੁਸੀਆਂ ਭਰਿਆ ਸੀ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਚੇਅਰਮੈਨ ਨੀਲ ਸਾਈਆਂਵਾਲਾ ਨੂੰ ਵਧਾਈਆਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।
ਖੁਸ਼ੀ 'ਚ ਖੀਵੇ ਹੋਏ ਗੁਰਕੀਰਤ ਮਾਨ ਦੇ ਮਾਮੇ ਅਤੇ ਗੁਰੂ ਨਾਨਕ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਤਿੰਦਰ ਸਿੰਘ ਨੀਲ ਸਾਈਆਂਵਾਲਾ ਨੇ ਦੱਸਿਆ ਕਿ ਛੋਟੇ ਹੁੰਦਿਆਂ ਛੁੱਟੀਆਂ 'ਚ ਨਾਨਕੇ ਆਉਂਦਾ ਗੁਰਕੀਰਤ ਇਸੇ ਕਾਲਜ ਦੀ ਗਰਾਊਂਡ ਵਿੱਚ ਕਾਲਜ ਕ੍ਰਿਕਟ ਟੀਮ ਨਾਲ ਅਭਿਆਸ ਕਰਦਾ ਰਿਹਾ ਹੈ । ਉਹਨਾਂ ਦੱਸਿਆ ਕਿ ਗੁਰਕੀਰਤ ਵੱਲੋਂ ਕੀਤੀ ਸਖਤ ਮਿਹਨਤ ਅਤੇ ਉਸਦੇ ਦ੍ਰਿੜ ਇਰਾਦੇ ਨੇ ਹੀ ਉਸਨੂੰ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਾਇਆ ਹੈ । ਸ੍ਰ: ਸਾਈਆਂਵਾਲਾ ਨੇ ਕਿਹਾ ਕਿ ਗੁਰਕੀਰਤ ਦੇ ਇਸ ਮੁਕਾਮ 'ਤੇ ਪਹੁੰਚਣ ਦੀ ਸਭ ਤੋਂ ਵੱਧ ਖੁਸ਼ੀ ਉਹਨਾਂ (ਨਾਨਕੇ ਪਰਿਵਾਰ) ਨੂੰ ਹੋਈ ਹੈ । ਉਹਨਾਂ ਉਮੀਦ ਜਾਹਿਰ ਕੀਤੀ ਕਿ ਭਾਰਤੀ ਟੀਮ ਦੀ ਪ੍ਰਤੀਨਿੱਧਤਾ ਕਰਦਿਆਂ ਗੁਰਕੀਰਤ ਨਿਸ਼ਚੇ ਹੀ ਆਪਣੇ ਪਰਿਵਾਰ, ਪ੍ਰਾਂਤ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗਾ। ਦੱਸ ਦੱਈਏ ਕਿ ਦੱਖਣੀ ਅਫਰੀਕਾ ਦੌਰੇ 'ਤੇ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਬੀਤੇ ਕੱਲ ਹੋਈ ਚੋਣ ਵਿੱਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ•ੇ ਦੇ ਵਸਨੀਕ ਗੁਰਕੀਰਤ ਸਿੰਘ ਮਾਨ ਦੀ ਚੋਣ ਹੋਈ ਹੈ। ਇਸ ਮੌਕੇ ਖੁਸ਼ੀ ਮਨਾਉਣ ਵਾਲਿਆਂ ਵਿੱਚ ਕਾਲਜ ਪ੍ਰਬੰਧਕੀ ਟੀਮ ਦੇ ਪ੍ਰਧਾਨ ਗੁਰਦੀਪ ਸਿੰਘ ਸੰਘਾ, ਡਾਇਰੈਕਟਰ ਪ੍ਰੋ: ਸਤੀਸ਼ ਗੁਪਤਾ, ਪਿੰੰ੍ਰਸੀਪਲ ਕਸ਼ਮੀਰ ਸਿੰਘ ਭੁੱਲਰ, ਪ੍ਰੋ: ਗੁਰਨਾਮ ਸਿੰਘ ਸਿੱਧੂ, ਪ੍ਰੋ: ਰਾਜਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਸਾਮਲ ਸਨ ।