ਬੰਦ ਰੇਲਾਂ ਛੁੱਟੀ ਆਉਣ ਵਾਲੇ ਫ਼ੌਜੀਆਂ ਤੇ ਹੋਰ ਨੌਕਰੀਪੇਸ਼ਾ ਲੋਕਾਂ ਦੀ ਖੁਸ਼ੀ ‘ਚ ਬਣੀਆਂ ਅੜਿੱਕਾ
ਬੰਦ ਰੇਲਾਂ ਛੁੱਟੀ ਆਉਣ ਵਾਲੇ ਫ਼ੌਜੀਆਂ ਤੇ ਹੋਰ ਨੌਕਰੀਪੇਸ਼ਾ ਲੋਕਾਂ ਦੀ ਖੁਸ਼ੀ ‘ਚ ਬਣੀਆਂ ਅੜਿੱਕਾ
ਫਿਰੋਜ਼ਪੁਰ, 7.11.2020: ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅਰੰਭੇ ਸੰਘਰਸ਼ ਤੇ ਕੇਂਦਰ ਵੱਲੋਂ ਪੰਜਾਬ ‘ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਫੌਜ ਤੇ ਪੰਜਾਬ ਤੋਂ ਬਾਹਰ ਹੋਰਨਾਂ ਥਾਈਂ ਨੌਕਰੀਆਂ ਕਰਦੇ ਲੋਕਾਂ ‘ਤੇ ਭਾਰੀ ਪੈ ਰਹੀ ਹੈ।
ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਦੇ ਇਨ੍ਹਾਂ ਲੋਕਾਂ ਦੇ ਚਾਵਾਂ ਤੇ ਮਲਾਰਾਂ ਨੂੰ ਇਸ ਵਾਰ ਰੇਲ ਗੱਡੀਆਂ ਦੇ ਨਾ ਚੱਲ ਸਕਣ ਕਾਰਨ ਗ੍ਰਹਿਣ ਲੱਗ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਵੱਖੋ-ਵੱਖ ਧਡ਼ੇ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਰਜ਼ਾਮੰਦ ਹੋ ਗਏ ਹਨ, ਪਰੰਤੂ ਉਨ੍ਹਾਂ ਵਲੋਂ ਯਾਤਰੀ ਗੱਡੀਆਂ ਨਾ ਚੱਲਣ ਦੇਣ ਦੇ ਐਲਾਨ ਕਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।
ਇਕੱਲਾ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਿਲ ਦੀ ਘੜੀ ਬਣੀ ਹੋਈ ਹੈ।
ਦੀਵਾਲੀ, ਛੱਠ ਪੂਜਾ ਆਦਿ ਮੌਕਿਆਂ ਨੂੰ ਆਪਣੇ ਪਰਿਵਾਰਾਂ ਨਾਲ ਮਨਾਉਣ ਦੀ ਖੁਸ਼ੀ ਇਸ ਵਾਰ ਬਹੁਤ ਸਾਰੇ ਲੋਕਾਂ ਦੀ ਕਿਸਾਨ ਅੰਦੋਲਨ ਦੀ ਭੇਟ ਚੜ੍ਹਨ ਦੀ ਸੰਭਾਵਨਾ ਬਣੀ ਹੋਈ ਹੈ।